ਮੈਂ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੂੰ ਸੱਦਾ ਦਿੱਤਾ ਹੈ ਕਿ ਉਹ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨ - ਜਸਟਿਨ ਟਰੂਡੋ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ- ਕੈਨੇਡਾ ਵਾਸੀ ਯੂਕਰੇਨ ਦੇ ਲੋਕਾਂ ਦੀ ਬਹਾਦਰੀ ਅਤੇ ਰਾਸ਼ਟਰਪਤੀ ਵਲੋਂ ਕੀਤੀ ਸੁਚੱਜੀ ਅਗਵਾਈ ਤੋਂ ਪ੍ਰੇਰਿਤ ਹੋਏ ਹਨ

file photo

ਸਰੀ : ਰੂਸ ਅਤੇ ਯੂਕਰੇਨ ਵਿਚਾਲੇ ਹੋ ਰਹੇ ਯੁੱਧ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਦੇਸ਼ਾਂ ਵਲੋਂ ਰੂਸ ਦਾ ਵਿਰੋਧ ਜਦਕਿ ਯੂਕਰੇਨ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੀ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਜਾਣਕਾਰੀ ਦਿਤੀ ਕਿ ਉਨ੍ਹਾਂ ਵਲੋਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਗਈ ਹੈ ਅਤੇ ਹਰ ਬਣਦੀ ਸਹਾਇਤਾ ਦਾ ਭਰੋਸਾ ਦਿਵਾਇਆ ਗਿਆ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੇ ਰਾਸ਼ਟਰਪਤੀ ਜੇਲੇਂਸਕੀ ਨੂੰ ਕੈਨੇਡਾ ਦੀ ਸੰਸਦ ਵਿਚ ਸੰਬੋਧਨ ਕਰਨ ਦਾ ਸੱਦਾ ਦਿਤਾ ਹੈ। ਇੱਕ ਟਵੀਟ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਲਿਖਿਆ, ''ਮੈਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਦੱਸਿਆ ਹੈ ਕਿ ਕੈਨੇਡਾ ਯੂਕਰੇਨ ਨੂੰ ਵਿਸ਼ੇਸ਼ ਫ਼ੌਜੀ ਸਾਜ਼ੋ-ਸਾਮਾਨ ਦੀ ਇੱਕ ਹੋਰ ਖੇਪ ਭੇਜੇਗਾ।

ਅਸੀਂ ਰੂਸ ਵਿਰੁੱਧ ਪਾਬੰਦੀਆਂ ਅਤੇ ਯੂਕਰੇਨ ਲਈ ਮਨੁੱਖੀ ਸਹਾਇਤਾ ਬਾਰੇ ਵੀ ਚਰਚਾ ਕੀਤੀ। ਮੈਂ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਹੈ ਕਿ ਉਹ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨ। ਕੈਨੇਡਾ ਵਾਸੀ ਯੂਕਰੇਨ ਦੇ ਲੋਕਾਂ ਦੀ ਬਹਾਦਰੀ ਅਤੇ ਰਾਸ਼ਟਰਪਤੀ ਵਲੋਂ ਕੀਤੀ ਸੁਚੱਜੀ ਅਗਵਾਈ ਤੋਂ ਪ੍ਰੇਰਿਤ ਹੋਏ ਹਨ। ਮੈਂ ਜਾਣਦਾ ਹਾਂ ਕਿ ਕੈਨੇਡਾ ਦੇ ਲੋਕ ਰਾਸ਼ਟਰਪਤੀ ਜੇਲੇਂਸਕੀ ਦੀ ਸਿੱਧੀ ਗੱਲਬਾਤ ਸੁਣਨ ਲਈ ਉਤਸੁਕ ਹਨ।''