Russia Ukraine War: ਯੂਕਰੇਨ ਲਈ ਮਿਗ-29 ਫਾਈਟਰ ਜੈੱਟ ਦੇਣ ਸਬੰਧੀ ਪੋਲੈਂਡ ਦੀ ਪੇਸ਼ਕਸ਼ ਨੂੰ ਅਮਰੀਕਾ ਨੇ ਠੁਕਰਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰੱਖਿਆ ਮੰਤਰਾਲੇ ਨੇ ਪੋਲੈਂਡ ਦੇ ਮਿਗ-29 ਲੜਾਕੂ ਜਹਾਜ਼ ਨੂੰ ਜਰਮਨੀ ਸਥਿਤ ਅਮਰੀਕੀ ਹਵਾਈ ਸੈਨਾ ਦੇ ਅੱਡੇ 'ਤੇ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।

U.S. rejects Poland's offer to give it fighter jets for Ukraine

ਵਾਸ਼ਿੰਗਟਨ: ਅਮਰੀਕਾ ਨੇ ਪੋਲੈਂਡ ਵਲੋਂ 27 ਮਿਗ-29 ਲੜਾਕੂ ਜਹਾਜ਼ਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਨੇ ਪੋਲੈਂਡ ਦੇ ਮਿਗ-29 ਲੜਾਕੂ ਜਹਾਜ਼ ਨੂੰ ਜਰਮਨੀ ਸਥਿਤ ਅਮਰੀਕੀ ਹਵਾਈ ਸੈਨਾ ਦੇ ਅੱਡੇ 'ਤੇ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਅਮਰੀਕਾ ਨੇ ਇਸ ਅਹਿਮ ਪੇਸ਼ਕਸ਼ ਨੂੰ ਅਜਿਹੇ ਸਮੇਂ ਠੁਕਰਾ ਦਿੱਤਾ ਹੈ ਜਦੋਂ ਯੂਕਰੇਨ ਅਤੇ ਰੂਸ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਰੂਸੀ ਫੌਜ ਨੇ ਰਾਜਧਾਨੀ ਕੀਵ ਨੂੰ ਘੇਰ ਲਿਆ ਹੈ ਅਤੇ ਰਾਜਧਾਨੀ ਤੋਂ ਸਿਰਫ ਕੁਝ ਕਿਲੋਮੀਟਰ ਦੂਰ ਹੈ।

Joe Biden

ਰੂਸ ਨਾਲ ਨਜਿੱਠਣ ਲਈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਲਗਾਤਾਰ ਪੱਛਮੀ ਦੇਸ਼ਾਂ ਨੂੰ ਲੜਾਕੂ ਜਹਾਜ਼ ਮੁਹੱਈਆ ਕਰਾਉਣ ਦੀ ਅਪੀਲ ਕਰ ਰਹੇ ਹਨ। ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਪੋਲੈਂਡ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਵਿਚ ਅਸਮਰੱਥ ਹਨ। ਪੋਲੈਂਡ ਨੇ ਪ੍ਰਸਤਾਵ ਦਿੱਤਾ ਸੀ ਕਿ ਇਹਨਾਂ ਲੜਾਕੂ ਜਹਾਜ਼ਾਂ ਨੂੰ ਅਮਰੀਕਾ ਦੇ ਰਾਮਸਟੀਨ ਏਅਰਬੇਸ 'ਤੇ ਤਬਦੀਲ ਕੀਤਾ ਜਾਵੇ।

Ukraine President

ਇਸ ਤੋਂ ਬਾਅਦ ਉਥੋਂ ਉਸ ਨੂੰ ਰੂਸ ਵਿਰੁੱਧ ਯੂਕਰੇਨ ਦੀ ਮਦਦ ਲਈ ਭੇਜਿਆ ਜਾਵੇ। ਕਿਰਬੀ ਨੇ ਕਿਹਾ ਕਿ ਜੇਕਰ ਇਹ ਜਹਾਜ਼ ਜਰਮਨੀ ਤੋਂ ਯੂਕਰੇਨ ਦੇ ਸੰਘਰਸ਼ ਪ੍ਰਭਾਵਿਤ ਇਲਾਕਿਆਂ ਵਿਚ ਭੇਜੇ ਗਏ ਤਾਂ ਇਹ ਪੂਰੇ ਨਾਟੋ ਗਠਜੋੜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਵੇਗਾ। ਰੂਸੀ ਲੜਾਕੂ ਜਹਾਜ਼ ਇਸ ਸਮੇਂ ਯੂਕਰੇਨ ਦੇ ਅਸਮਾਨ ਵਿਚ ਗਸ਼ਤ ਕਰ ਰਹੇ ਹਨ ਅਤੇ ਬੰਬਾਰੀ ਕਰ ਰਹੇ ਹਨ।

U.S. rejects Poland's offer to give it fighter jets for Ukraine

ਅਮਰੀਕੀ ਬੁਲਾਰੇ ਨੇ ਕਿਹਾ ਕਿ ਅਸੀਂ ਇਸ 'ਤੇ ਪੋਲੈਂਡ ਅਤੇ ਹੋਰ ਨਾਟੋ ਦੇਸ਼ਾਂ ਨਾਲ ਸਲਾਹ-ਮਸ਼ਵਰਾ ਕਰਨਾ ਜਾਰੀ ਰੱਖਾਂਗੇ। ਪੋਲੈਂਡ ਦੀ ਇਹ ਪੇਸ਼ਕਸ਼ ਅਜਿਹੇ ਸਮੇਂ 'ਚ ਆਈ ਹੈ ਜਦੋਂ ਸ਼ਨੀਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਨੂੰ ਇਹ ਜਹਾਜ਼ ਉਹਨਾਂ ਨੂੰ ਸੌਂਪਣ ਦੀ ਅਪੀਲ ਕੀਤੀ ਸੀ। ਅਮਰੀਕੀ ਵਿਦੇਸ਼ ਮਾਮਲਿਆਂ ਦੇ ਇਕ ਹੋਰ ਅਧਿਕਾਰੀ ਵਿਕਟੋਰੀਆ ਨੂਲੈਂਡ ਨੇ ਕਿਹਾ ਕਿ ਪੋਲੈਂਡ ਨੇ ਪੇਸ਼ਕਸ਼ ਕਰਨ ਤੋਂ ਪਹਿਲਾਂ ਅਮਰੀਕਾ ਨਾਲ ਸਲਾਹ ਨਹੀਂ ਕੀਤੀ ਸੀ।