ਤਾਲਿਬਾਨ ਗਵਰਨਰ ਦੀ ਧਮਾਕੇ ਵਿਚ ਮੌਤ, ਸਰਕਾਰੀ ਦਫ਼ਤਰ ਵਿਚ ਹੋਇਆ ਧਮਾਕਾ
ਗਵਰਨਰ ਨੇ ਪਿਛਲੇ ਸਾਲ ਬਲਖ ਵਿਚ ਤਬਦੀਲ ਹੋਣ ਤੋਂ ਪਹਿਲਾਂ ਇਸਲਾਮਿਕ ਸਟੇਟ ਜੇਹਾਦੀਆਂ ਵਿਰੁੱਧ ਲੜਾਈ ਦੀ ਅਗਵਾਈ ਕੀਤੀ ਸੀ।
ਕਾਬੁਲ: ਅਫ਼ਗਾਨਿਸਤਾਨ ਦੇ ਬਲਖ ਸੂਬੇ ਦੇ ਤਾਲਿਬਾਨ ਗਵਰਨਰ ਵੀਰਵਾਰ ਨੂੰ ਅਪਣੇ ਦਫ਼ਤਰ ਵਿਚ ਹੋਏ ਇੱਕ ਧਮਾਕੇ ਵਿਚ ਮਾਰੇ ਗਏ। ਇਸ ਸਬੰਧੀ ਜਾਣਕਾਰੀ ਅਫ਼ਗਾਨ ਪੁਲਿਸ ਨੇ ਦਿੱਤੀ ਹੈ। ਸੂਬਾਈ ਪੁਲਿਸ ਦੇ ਬੁਲਾਰੇ ਆਸਿਫ਼ ਵਜ਼ੀਰੀ ਨੇ ਏਐਫਪੀ ਨੂੰ ਦੱਸਿਆ, ਅੱਜ ਸਵੇਰੇ ਇੱਕ ਧਮਾਕੇ ਵਿੱਚ ਬਲਖ ਦੇ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਸਮੇਤ ਦੋ ਲੋਕ ਮਾਰੇ ਗਏ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਅਗਸਤ 2021 ਵਿਚ ਸਮੂਹ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਮੁਜ਼ੱਮਿਲ ਅਜਿਹੇ ਹਾਲਾਤਾਂਵਿੱਚ ਮਾਰੇ ਜਾਣ ਵਾਲੇ ਸਭ ਤੋਂ ਉੱਚੇ ਦਰਜੇ ਦੇ ਤਾਲਿਬਾਨ ਅਧਿਕਾਰੀਆਂ ਵਿਚੋਂ ਇੱਕ ਹੈ। ਉਹਨਾਂ ਨੂੰ ਸ਼ੁਰੂ ਵਿੱਚ ਪੂਰਬੀ ਪ੍ਰਾਂਤ ਨੰਗਰਹਾਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਪਿਛਲੇ ਸਾਲ ਬਲਖ ਵਿਚ ਤਬਦੀਲ ਹੋਣ ਤੋਂ ਪਹਿਲਾਂ ਇਸਲਾਮਿਕ ਸਟੇਟ ਜੇਹਾਦੀਆਂ ਵਿਰੁੱਧ ਲੜਾਈ ਦੀ ਅਗਵਾਈ ਕੀਤੀ ਸੀ।