ਵੱਖਵਾਦੀ ਵਿਚਾਰਾਂ ਨੂੰ ਲੈ ਕੇ BBC ਸਿੱਖ ਪੇਸ਼ਕਾਰ ਵਿਰੁਧ ਸ਼ਿਕਾਇਤ ਕੀਤੀ ਗਈ, ਜਾਣੋ BBC ਦਾ ਜਵਾਬ
ਅਸੀਂ ਵਿਅਕਤੀਆਂ ਜਾਂ ਵਿਅਕਤੀਗਤ ਪੋਸਟਾਂ ’ਤੇ ਟਿਪਣੀ ਨਹੀਂ ਕਰਨ ਜਾ ਰਹੇ, ਅਸੀਂ ਸ਼ਿਕਾਇਤ ਦੀ ਜਾਂਚ ਕਰਦੇ ਹਾਂ : BBC
ਲੰਡਨ: ਪ੍ਰਵਾਸੀ ਭਾਰਤੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਬੀ.ਬੀ.ਸੀ. ਨੂੰ ਇਕ ਬ੍ਰਿਟਿਸ਼ ਸਿੱਖ ਪੇਸ਼ਕਾਰ ਵਲੋਂ ਕਥਿਤ ਤੌਰ ’ਤੇ ‘ਖਾਲਿਸਤਾਨ ਪੱਖੀ ਵੱਖਵਾਦੀ ਵਿਚਾਰਾਂ’ ਬਾਰੇ ਸ਼ਿਕਾਇਤ ਕੀਤੀ ਹੈ, ਜੋ ਹਾਲ ਹੀ ’ਚ ਏਸ਼ੀਅਨ ਨੈੱਟਵਰਕ ’ਚ ਸ਼ਾਮਲ ਹੋਈ ਸੀ।
ਲੇਖਕ-ਅਧਿਆਪਕਾ ਜਸਪ੍ਰੀਤ ਕੌਰ ਨੇ ਇਸ ਮਹੀਨੇ ਦੇ ਸ਼ੁਰੂ ’ਚ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ‘ਏਸ਼ੀਅਨ ਨੈੱਟਵਰਕ ਚਿਲ’ ’ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਜਸਪ੍ਰੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ’ਚ ਜਨਤਕ ਪ੍ਰਸਾਰਕ ’ਚ ਅਪਣੀ ਨਵੀਂ ਭੂਮਿਕਾ ਦਾ ਐਲਾਨ ਕਰਦੇ ਹੋਏ ਕਿਹਾ, ‘‘ਸ਼ਾਂਤ ਰਹਿਣ ਲਈ ਸਮਾਂ ਕੱਢਣਾ, ਚਾਹੇ ਤੁਹਾਡੇ ਲਈ ਇਸ ਦਾ ਕੋਈ ਵੀ ਮਤਲਬ ਹੋਵੇ, ਬਹੁਤ ਮਹੱਤਵਪੂਰਨ ਹੈ।’’
ਜਸਪ੍ਰੀਤ ਕੌਰ ਦੇ ਬਿਆਨ ਤੋਂ ਤੁਰਤ ਬਾਅਦ, ਸੋਸ਼ਲ ਮੀਡੀਆ ’ਤੇ ਉਸ ਦੀਆਂ ਕੁੱਝ ਸਾਲ ਪੁਰਾਣੀਆਂ ਪੋਸਟਾਂ ਭਾਰਤੀ ਪ੍ਰਵਾਸੀਆਂ ’ਚ ਫੈਲਣੀਆਂ ਸ਼ੁਰੂ ਹੋ ਗਈਆਂ। ਭਾਰਤੀ ਪ੍ਰਵਾਸੀਆਂ ਨੇ ਜਸਪ੍ਰੀਤ ਕੌਰ ਦੇ ਕਥਿਤ ਵੱਖਵਾਦੀ ਵਿਚਾਰਾਂ ’ਤੇ ਚਿੰਤਾ ਜ਼ਾਹਰ ਕੀਤੀ।
ਬੀ.ਬੀ.ਸੀ. ਦੇ ਨਵੇਂ ਭਾਰਤੀ ਮੂਲ ਦੇ ਪ੍ਰਧਾਨ ਸਮੀਰ ਸ਼ਾਹ ਨੂੰ ਭੇਜੀ ਗਈ ਅਜਿਹੀ ਹੀ ਇਕ ਸ਼ਿਕਾਇਤ ’ਚ ਕਿਹਾ ਗਿਆ ਹੈ, ‘‘ਮੈਂ ਤੁਹਾਡੇ ਧਿਆਨ ’ਚ ਇਹ ਤੱਥ ਲਿਆਉਣਾ ਚਾਹੁੰਦਾ ਹਾਂ ਕਿ ਤੁਹਾਡਾ ਸੰਗਠਨ ਕੱਟੜਪੰਥੀਆਂ ਨੂੰ ‘ਪੇਸ਼ਕਾਰਾਂ’ ਵਜੋਂ ਵਰਤ ਰਿਹਾ ਹੈ। ਜਸਪ੍ਰੀਤ ਕੌਰ ਨੂੰ ਸਿੱਖ ਭਾਈਚਾਰੇ ’ਚ ਖਾਲਿਸਤਾਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ ’ਤੇ ਅਪਣੀਆਂ ਪੋਸਟਾਂ ’ਚ ਖੁੱਲ੍ਹੇਆਮ ‘ਖਾਲਿਸਤਾਨ’ ਹੈਸ਼ਟੈਗ ਦਾ ਪ੍ਰਯੋਗ ਕਰਦੀ ਹੈ।’’ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬੀ.ਬੀ.ਸੀ. ਅਜਿਹੇ ਕੱਟੜਪੰਥੀ ਵਿਚਾਰਾਂ ਵਾਲੇ ਕਿਸੇ ਵਿਅਕਤੀ ਨੂੰ ਨੌਕਰੀ ’ਤੇ ਰੱਖ ਰਿਹਾ ਹੈ।
ਬੀ.ਬੀ.ਸੀ. ਨੇ ਸੰਕੇਤ ਦਿਤਾ ਕਿ ਉਸ ਦੇ ਸਾਰੇ ਪੇਸ਼ਕਾਰ ਨਿੱਜੀ ਵਿਚਾਰ ਜਨਤਕ ਤੌਰ ’ਤੇ ਸਾਂਝੇ ਕਰਨ ਲਈ ਜਾਂਚ ਦੇ ਘੇਰੇ ’ਚ ਹਨ ਅਤੇ ਸ਼ਿਕਾਇਤਾਂ ’ਚ ਜ਼ਿਕਰ ਕੀਤੀਆਂ ਜਾ ਰਹੀਆਂ ਸੋਸ਼ਲ ਮੀਡੀਆ ਪੋਸਟਾਂ ਜਸਪ੍ਰੀਤ ਕੌਰ ਦੇ ਸ਼ੋਅ ’ਚ ਪੇਸ਼ਕਾਰ ਬਣਨ ਤੋਂ ਕਈ ਸਾਲ ਪਹਿਲਾਂ ਦੀਆਂ ਹਨ। ਬੀ.ਬੀ.ਸੀ. ਦੇ ਬੁਲਾਰੇ ਨੇ ਕਿਹਾ, ‘‘ਅਸੀਂ ਵਿਅਕਤੀਆਂ ਜਾਂ ਵਿਅਕਤੀਗਤ ਪੋਸਟਾਂ ’ਤੇ ਟਿਪਣੀ ਨਹੀਂ ਕਰਨ ਜਾ ਰਹੇ ਹਾਂ। ਅਸੀਂ ਸ਼ਿਕਾਇਤ ਦੀ ਜਾਂਚ ਕਰਦੇ ਹਾਂ।’’