Pakistan's New President News: ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਬਣੇ ਆਸਿਫ਼ ਅਲੀ ਜ਼ਰਦਾਰੀ
ਦੂਜੀ ਵਾਰ ਹਾਸਲ ਕੀਤੀ ਜਿੱਤ
Pakistan's New President News: ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਜ਼ਰਦਾਰੀ (68) ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਸਾਂਝੇ ਉਮੀਦਵਾਰ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਮਹਿਮੂਦ ਖਾਨ ਅਚਕਜ਼ਈ (75) ਸੁੰਨੀ ਇਤਹਾਦ ਕੌਂਸਲ (ਐਸਆਈਸੀ) ਦੇ ਉਮੀਦਵਾਰ ਸਨ।
ਨਵੇਂ ਰਾਸ਼ਟਰਪਤੀ ਦੀ ਚੋਣ ਸੰਵਿਧਾਨ ਦੇ ਉਪਬੰਧਾਂ ਅਨੁਸਾਰ ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਇਲੈਕਟੋਰਲ ਕਾਲਜ ਦੁਆਰਾ ਕੀਤੀ ਗਈ ਸੀ। ਕਾਰੋਬਾਰੀ ਤੋਂ ਸਿਆਸਤਦਾਨ ਬਣੇ ਜ਼ਰਦਾਰੀ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਉਨ੍ਹਾਂ ਨੂੰ 255 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 119 ਵੋਟਾਂ ਮਿਲੀਆਂ।
ਜ਼ਰਦਾਰੀ ਮੌਜੂਦਾ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ। ਸਾਲ 2008 ਤੋਂ 2013 ਤਕ ਰਾਸ਼ਟਰਪਤੀ ਰਹੇ ਜ਼ਰਦਾਰੀ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਵਾਲੇ ਪਹਿਲੇ ਨਾਗਰਿਕ ਵੀ ਹੋਣਗੇ।
ਰਾਸ਼ਟਰਪਤੀ ਚੋਣ ਵਿਚ ਵੋਟਿੰਗ ਦੌਰਾਨ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਕੁੱਝ ਮੈਂਬਰਾਂ ਨੇ ਇਮਰਾਨ ਖ਼ਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਹਾਲਾਂਕਿ, ਇਹ ਪਹਿਲਾਂ ਹੀ ਤੈਅ ਮੰਨਿਆ ਗਿਆ ਸੀ ਕਿ ਜ਼ਰਦਾਰੀ ਹੀ ਰਾਸ਼ਟਰਪਤੀ ਚੁਣੇ ਜਾਣਗੇ।
(For more Punjabi news apart from Asif Ali Zardari elected Pakistan's President, stay tuned to Rozana Spokesman)