ਪੰਜਾਬੀਆਂ ਨੇ ਕੈਨੇਡਾ 'ਚ ਵੀ ਪਹੁੰਚਾਇਆ ਨਸ਼ੇ ਦਾ ਜ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਸ਼ੇ ਦਾ ਜ਼ਹਿਰ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੜ੍ਹਾਂ ਜਮਾਉਣ ਲੱਗਾ ਹੈ।

drugs in Canada

ਵੈਨਕੂਵਰ : ਨਸ਼ੇ ਦਾ ਜ਼ਹਿਰ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੜ੍ਹਾਂ ਜਮਾਉਣ ਲੱਗਾ ਹੈ। ਕੈਨੇਡਾ ਦੇ ਨੌਜਵਾਨ ਵੀ ਇਸ ਜ਼ਹਿਰ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ, ਜਿਨ੍ਹਾਂ 'ਚ ਪੰਜਾਬੀਆਂ ਦੇ ਨਾਂ ਵੀ ਸ਼ਾਮਲ ਹਨ। 6 ਅਪ੍ਰੈਲ ਨੂੰ ਸ਼ਹਿਰ ਐਬਟਸਫ਼ੋਰਡ ਪੁਲਿਸ ਦੇ ਗੈਂਗਸਟਰ ਵਿਰੋਧੀ ਦਸਤੇ ਨੇ ਇਕ ਪੰਜਾਬੀ ਨੌਜਵਾਨ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦਾ ਨਾਂਅ ਹਰਨੇਲ ਸਿੰਘ ਦਸਿਆ ਜਾ ਰਿਹਾ ਹੈ ਤੇ ਇਸ ਪੰਜਾਬੀ ਨੌਜਵਾਨ ਦੀ ਉਮਰ 22 ਸਾਲ ਹੈ। ਪੁਲਿਸ ਨੇ ਦੋਸ਼ੀ ਦਾ 19 ਸਾਲਾ ਸਾਥੀ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸ਼ਾਹਿਦ ਪਟੇਲ ਵਜੋਂ ਹੋਈ ਹੈ। 

ਦਸ ਦਈਏ ਕਿ ਪੁਲਿਸ ਨੇ 24 ਮਾਰਚ ਨੂੰ ਵੀ ਹਰਨੇਲ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ ਪਰ ਉਸ ਸਮੇਂ ਉਸ ਨੂੰ ਜ਼ਮਾਨਤ ਮਿਲ ਗਈ ਸੀ ਤੇ ਉਹ ਬਾਹਰ ਆ ਗਿਆ ਸੀ। ਪੁਲਿਸ ਨੇ ਹੁਣ 12 ਦਿਨ ਬਾਅਦ ਹਰਮੇਲ ਸਿੰਘ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਹੈ। 

ਪੁਲਿਸ ਬੁਲਾਰੇ ਸਰਜੈਂਟ ਜੂਡੀ ਬਰਡ ਦੇ ਦੱਸਣ ਮੁਤਾਬਕ 24 ਮਾਰਚ ਨੂੰ ਜਦੋਂ ਉਨ੍ਹਾਂ ਹਰਨੇਲ ਦੀ ਸ਼ੱਕੀ ਕਾਰ ਨੂੰ ਰੋਕਣਾ ਚਾਹਿਆ ਤਾਂ ਹਰਨੇਲ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਕੋਕੁਇਟਲਮ ਸ਼ਹਿਰ 'ਚੋਂ ਕਾਰ ਅਤੇ ਹਰਨੇਲ ਨੂੰ ਕਾਬੂ ਕਰ ਲਿਆ। ਮੌਕੇ ਤੇ ਕਾਰ ਨੂੰ ਛੱਡ ਹਰਮੇਲ ਭੱਜਣ ਹੀ ਲੱਗਾ ਸੀ ਪਰ ਉਹ ਕਾਮਯਾਬ ਨਾ ਹੋ ਸਕਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

ਇਸ ਮਗਰੋਂ ਕਾਰਵਾਈ ਦੌਰਾਨ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਦਸ ਦਈਏ ਕਿ ਅਦਾਲਤ ਨੇ ਉਸ ਨੂੰ 500 ਡਾਲਰ ਦਾ ਜੁਰਮਾਨਾ ਲਗਾ ਕੇ ਜ਼ਮਾਨਤ ਦਿਤੀ ਸੀ। ਜ਼ਮਾਨਤ ਦੇ ਮਗਰੋਂ ਵੀ ਹਰਨੇਲ 'ਤੇ ਨਜ਼ਰ ਰੱਖੀ ਜਾ ਰਹੀ ਸੀ। ਸ਼ੱਕ ਦੇ ਅਧਾਰ 'ਤੇ 6 ਅਪ੍ਰੈਲ ਨੂੰ ਜਦ ਉਸ ਦੀ ਕਾਰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ 'ਚੋਂ ਨਸ਼ੀਲੇ ਪਦਾਰਥ ਫੈਂਟਾਨਿਲ ਅਤੇ ਕੋਕੀਨ ਬਰਾਮਦ ਕੀਤੇ ਗਏ। ਪੁਲਿਸ ਨੇ ਦਸਿਆ ਕਿ ਦੋਸ਼ੀਆਂ ਨੇ ਨਸ਼ੇ ਦੀਆਂ ਪੁੜੀਆਂ ਬਣਾਈਆਂ ਹੋਈਆਂ ਸਨ ਅਤੇ ਉਹ ਇਨ੍ਹਾਂ ਦੀ ਤਸਕਰੀ ਕਰਨ ਲਈ ਲਿਜਾ ਰਹੇ ਸਨ। ਫਿ਼ਲਹਾਲ ਦੋਸ਼ੀ ਪੁਲਿਸ ਦੀ ਹਿਰਾਸਤ ਵਿਚ ਹਨ ਅਤੇ ਮਾਮਲੇ ਦੀ ਜਾਂਚ ਕਰ ਕੇ ਉਨ੍ਹਾਂ ਵਿਰੁਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।