ਸਿੱਖ ਬੱਚਿਆਂ ਨੂੰ ਕ੍ਰਿਪਾਨ ਕਾਰਨ ਬਰਤਾਨੀਆ ਦੇ ਥੀਮ ਪਾਰਕ ਵਿਚ ਦਾਖ਼ਲ ਹੋਣ ਤੋਂ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰਤਾਨੀਆ ਵਿਚ ਸਿੱਖ ਬੱਚਿਆਂ ਨੂੰ ਸਿਰਫ਼ ਇਸ ਕਰ ਕੇ ਇਕ ਥੀਮ ਪਾਰਕ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ ਕਿਉਂਕਿ ਉਨ੍ਹਾਂ ਨਾਲ ਆਏ ਵਡੇਰੀ ਉਮਰ ਦੇ ਸਿੱਖ ਨੇ ਸੁਰੱਖਿਆ ਅਮਲੇ

Theme park

ਲੰਡਨ, 8 ਜੂਨ : ਬਰਤਾਨੀਆ ਵਿਚ ਸਿੱਖ ਬੱਚਿਆਂ ਨੂੰ ਸਿਰਫ਼ ਇਸ ਕਰ ਕੇ ਇਕ ਥੀਮ ਪਾਰਕ ਵਿਚ ਦਾਖ਼ਲ ਹੋਣ ਤੋਂ ਰੋਕ ਦਿਤਾ ਗਿਆ ਕਿਉਂਕਿ ਉਨ੍ਹਾਂ ਨਾਲ ਆਏ ਵਡੇਰੀ ਉਮਰ ਦੇ ਸਿੱਖ ਨੇ ਸੁਰੱਖਿਆ ਅਮਲੇ ਦੀਆਂ ਹਦਾਇਤਾਂ ਮੁਤਾਬਕ ਕ੍ਰਿਪਾਨ ਉਤਾਰਨ ਤੋਂ ਇਨਕਾਰ ਕਰ ਦਿਤਾ ਸੀ।
ਇਹ ਮਾਮਲਾ ਸਟੈਫ਼ੋਰਡਸ਼ਾਇਰ ਸਥਿਤ ਡ੍ਰੇਟਨ ਮੈਨਰ ਥੀਮ ਪਾਰਕ ਵਿਚ ਸਾਹਮਣੇ ਆਇਆ ਜਿਥੇ ਕੋਵੈਂਟਰੀ ਅਤੇ ਵਾਰਵਿਕਸ਼ਾਇਰ ਦੇ ਪਰਵਾਰ ਸੈਰ-ਸਪਾਟੇ ਲਈ ਆਉਂਦੇ ਹਨ। ਸਿੱਖ ਵਿਅਕਤੀ ਨੇ ਥੀਮ ਪਾਰਕ ਦੇ ਪ੍ਰਬੰਧਕਾਂ 'ਤੇ ਧਾਰਮਕ ਵਿਤਕਰੇ ਦਾ ਦੋਸ਼ ਲਾਇਆ ਹੈ।
ਬਰਮਿੰਘਮ ਮੇਲ ਦੀ ਰੀਪੋਰਟ ਮੁਤਾਬਕ ਕ੍ਰਿਪਾਨਧਾਰੀ ਵਿਅਕਤੀ ਇਕ ਪ੍ਰਾਇਮਰੀ ਸਕੂਲ ਦਾ ਅਧਿਆਪਕ ਹੈ ਜਿਸ ਦੀ ਇਲਾਕੇ ਦੇ ਲੋਕ ਇੱਜ਼ਤ ਕਰਦੇ ਹਨ ਪਰ ਇਸ ਦੇ ਬਾਵਜੂਦ ਛੇ ਸਾਲ ਦੇ ਬੱਚੇ ਦਾ ਜਨਮ ਦਿਨ ਮਨਾਉਣ ਗਏ ਸਿੱਖ ਪਰਵਾਰਾਂ ਨੂੰ ਪਾਰਕ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦਿਤੀ ਗਈ।
ਇਹ ਮਾਮਲਾ ਸਿੱਖ ਪ੍ਰੈਸ ਐਸੋਸੀਏਸ਼ਨ ਕੋਲ ਉਠਾਇਆ ਗਿਆ। ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਬਰਤਾਨੀਆ ਦੀ ਸੰਸਦ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਜਾਣ ਦੀ ਇਜਾਜ਼ਤ ਹੈ ਤਾਂ ਇਕ ਥੀਮ ਪਾਰਕ ਦੇ ਪ੍ਰਬੰਧਕ ਸੁਰੱਖਿਆ ਅਤੇ ਸਿਹਤ ਕਾਰਨਾਂ ਦੇ ਆਧਾਰ 'ਤੇ ਇਸ ਉਪਰ ਪਾਬੰਦੀ ਕਿਵੇਂ ਲਾ ਸਕਦੇ ਹਨ। ਉਧਰ ਥੀਮ ਪਾਰਕ ਦੇ ਬੁਲਾਰੇ ਨੇ ਕਿਹਾ, ''ਕਿਸੇ ਵੀ ਧਰਮ ਦੇ ਲੋਕ ਪਾਰਕ ਵਿਚ ਜਾ ਸਕਦੇ ਹਨ ਪਰ ਪਿਛਲੇ ਕਈ ਸਾਲ ਤੋਂ ਕ੍ਰਿਪਾਨਧਾਰੀ ਸਿੱਖਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਇਸ ਨਾਲ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੁੰਦਾ ਹੈ। (ਪੀਟੀਆਈ)