ਸੀਰੀਆ 'ਚ ਰਸਾਇਣ ਹਮਲੇ ਤੋਂ ਟਰੰਪ ਖ਼ਫ਼ਾ, ਅਸਦ ਨੂੰ ਦਿਤੀ ਭਾਰੀ ਕੀਮਤ ਚੁਕਾਉਣ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆ ਵਿਚ ਬੀਤੇ ਦਿਨ ਹੋਏ ਰਸਾਇਣ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ...

trump warns assad big price to pay for mindless chemical attack syria

ਵਾਸ਼ਿੰਗਟਨ : ਸੀਰੀਆ ਵਿਚ ਬੀਤੇ ਦਿਨ ਹੋਏ ਰਸਾਇਣ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਅਸਦ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਹਿੰਸਾ ਪ੍ਰਭਾਵਿਤ ਸੀਰੀਆਈ ਸ਼ਹਿਰ ਵਿਚ ਕੀਤੇ ਗਏ ਰਸਾਇਣਕ ਹਮਲੇ ਨੂੰ ਲੈ ਕੇ ਟਰੰਪ ਨੇ ਇਹ ਚਿਤਾਵਨੀ ਦਿਤੀ ਹੈ। 

ਇਸ ਹਮਲੇ ਵਿਚ ਉਥੇ ਦਰਜਨਾਂ ਸੀਰੀਆਈ ਨਾਗਰਿਕ ਮਾਰੇ ਗਏ ਹਨ। ਟਰੰਪ ਨੇ ਅਸਦ ਨੂੰ ਇਕ 'ਜਾਨਵਰ' ਵੀ ਆਖਿਆ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਰੂਸ ਅਤੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ। ਟਰੰਪ ਨੇ ਇਕ ਟਵੀਟ ਵਿਚ ਕਿਹਾ ਕਿ ਸੀਰੀਆ ਵਿਚ ਰਸਾਇਣਕ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕ ਮਾਰੇ ਗਏ ਹਨ। ਹਮਲੇ ਵਾਲੇ ਸਥਾਨ ਨੂੰ ਸੀਰੀਆਈ ਫ਼ੌਜ ਨੇ ਘੇਰ ਲਿਆ ਅਤੇ ਉਥੇ ਬਾਹਰੀ ਦੁਨੀਆਂ ਦੀ ਪਹੁੰਚ ਪੂਰੀ ਤਰ੍ਹਾਂ ਰੋਕ ਦਿਤੀ ਸੀ।

ਅਮਰੀਕੀ ਰਾਸ਼ਟਰਪਤੀ ਨੇ ਅਸਦ ਸ਼ਾਸਨ ਦਾ ਸਮਰਥਨ ਕਰਨ ਨੂੰ ਲੈ ਕੇ ਅਪਣੇ ਰੂਸੀ ਹਮਅਹੁਦਾ ਵਲਾਦੀਮੀਰ ਪੁਤਿਨ ਅਤੇ ਇਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਪੁਤਿਨ, ਰੂਸ ਅਤੇ ਇਰਾਨ 'ਜਾਨਵਰ' ਦਾ ਸਮਰਥਨ ਕਰਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਚਾਹਿਆ ਹੁੰਦਾ ਤਾਂ ਸੀਰੀਆਈ ਤ੍ਰਾਸਦੀ ਕਾਫ਼ੀ ਸਮਾਂ ਪਹਿਲਾਂ ਹੀ ਖ਼ਤਮ ਹੋ ਗਈ ਹੁੰਦੀ। 

ਉਨ੍ਹਾਂ ਟਵੀਟ ਕੀਤਾ ਕਿ ਜਾਨਵਰ ਅਸਦ ਇਤਿਹਾਸ ਬਣ ਗਿਆ ਹੁੰਦਾ। ਬਰਤਾਨੀਆ ਅਧਾਰਿਤ ਨਿਗਰਾਨੀ ਸੰਸਥਾ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟ ਦੇ ਮੁਤਾਬਕ ਪੂਰਬੀ ਘੋਊਤਾ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਵਿਚ ਸੀਰੀਆਈ ਸ਼ਾਸਨ ਦੇ ਤਾਜ਼ਾ ਹਵਾਈ ਹਮਲਿਆਂ ਵਿਚ ਕਲ ਤੋਂ ਘੱਟ ਤੋਂ ਘੱਟ 80 ਲੋਕ ਮਾਰੇ ਗਏ ਹਨ। ਉਥੇ ਸੀਰੀਆ ਦੇ ਸਰਕਾਰੀ ਮੀਡੀਆ ਅਤੇ ਸੀਰੀਆਈ ਸ਼ਾਸਨ ਦੇ ਸਹਿਯੋਗੀ ਰੂਸ ਨੇ ਰਸਾਇਣ ਹਥਿਆਰਾਂ ਦੀ ਵਰਤੋਂ ਦੇ ਦਾਅਵਿਆਂ ਦੀ ਨਿੰਦਾ ਕਰਦੇ ਹੋਏ ਇਸ ਨੂੰ ਮਨਘੜਤ ਦਸਿਆ।