ਮੈਂ ਭਾਰਤ ਖਿਲਾਫ਼ ਨਹੀਂ ਹਾਂ, RSS ਦੀ ਵਿਚਾਰਧਾਰਾ ਕਾਰਨ ਸਾਡੇ ਰਿਸ਼ਤੇ ਨਹੀਂ ਸੁਧਰ ਸਕੇ- ਇਮਰਾਨ ਖ਼ਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਿਰ ਤੋਂ ਭਾਰਤ ਦੀ ਤਾਰੀਫ ਕੀਤੀ।

Imran Khan


ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਫਿਰ ਤੋਂ ਭਾਰਤ ਦੀ ਤਾਰੀਫ ਕੀਤੀ। ਵਿਦੇਸ਼ ਦੇ ਇਸ਼ਾਰੇ 'ਤੇ ਉਹਨਾਂ ਨੂੰ ਸੱਤਾ ਤੋਂ ਹਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਉਂਦਿਆਂ ਉਹਨਾਂ ਕਿਹਾ ਕਿ ਭਾਰਤ ਇਕ ਸਵੈ-ਮਾਣ ਵਾਲਾ ਦੇਸ਼ ਹੈ ਅਤੇ ਕੋਈ ਵੀ ਦੇਸ਼ ਇਸ ਨੂੰ ਅੱਖਾਂ ਨਹੀਂ ਦਿਖਾ ਸਕਦਾ। ਪਰ ਅਸੀਂ ਇੱਥੇ ਆਯਾਤ ਲੋਕਤੰਤਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਦੇਸ਼ਾਂ ਦੇ ਇਸ਼ਾਰੇ 'ਤੇ ਸਾਡੀ ਸਰਕਾਰ ਨੂੰ ਇੱਥੇ ਹਟਾਇਆ ਜਾ ਰਿਹਾ ਹੈ।

Imran Khan

ਕਾਫੀ ਭਾਵੁਕ ਨਜ਼ਰ ਆਏ ਇਮਰਾਨ ਨੇ ਸਾਫ ਕਿਹਾ ਕਿ ਉਹਨਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਸ਼ਾਸਨ ਦੌਰਾਨ ਕਦੇ ਵੀ ਕਿਸੇ ਵਿਦੇਸ਼ੀ ਦੇ ਕਹਿਣ 'ਤੇ ਕੋਈ ਫੈਸਲਾ ਨਹੀਂ ਲਿਆ। ਇਮਰਾਨ ਖਾਨ ਨੇ ਭਾਰਤ ਨੂੰ "ਬਹੁਤ ਸਨਮਾਨ ਦੀ ਭਾਵਨਾ ਵਾਲਾ ਦੇਸ਼" ਕਿਹਾ। ਉਹਨਾਂ ਕਿਹਾ, “ਮੈਂ ਭਾਰਤ ਦੇ ਖਿਲਾਫ ਨਹੀਂ ਹਾਂ, ਭਾਰਤ ਵਿਚ ਮੇਰੀ ਫੈਨ ਫੋਲੋਇੰਗ ਬਹੁਤ ਹੈ। RSS ਦੀ ਵਿਚਾਰਧਾਰਾ ਅਤੇ ਕਸ਼ਮੀਰ 'ਚ ਉਹਨਾਂ ਨੇ ਜੋ ਕੁਝ ਕੀਤਾ, ਉਸ ਕਾਰਨ ਸਾਡੇ ਰਿਸ਼ਤੇ ਨਹੀਂ ਸੁਧਰ ਸਕੇ”।

Imran Khan

ਉਹਨਾਂ ਕਿਹਾ, “ਕੋਈ ਵੀ ਮਹਾਂਸ਼ਕਤੀ ਭਾਰਤ ਨੂੰ ਉਸ ਦੇ ਹਿੱਤਾਂ ਦੇ ਵਿਰੁੱਧ ਕੁਝ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਉਹ (ਭਾਰਤ) ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦ ਰਹੇ ਹਨ।" ਇਮਰਾਨ ਖ਼ਾਨ ਨੇ ਕਿਹਾ, “ਕੋਈ ਵੀ ਭਾਰਤ ਨੂੰ ਹੁਕਮ ਨਹੀਂ ਦੇ ਸਕਦਾ। ਯੂਰਪੀ ਸੰਘ ਦੇ ਰਾਜਦੂਤਾਂ ਨੇ ਇੱਥੇ ਕੀ ਕਿਹਾ, ਕੀ ਉਹ ਭਾਰਤ ਨੂੰ ਵੀ ਕਹਿ ਸਕਦੇ ਹਨ? ਉਹਨਾਂ ਕਿਹਾ, ''ਮੈਂ ਕਿਸੇ ਦੇ ਖਿਲਾਫ ਨਹੀਂ ਹਾਂ, ਪਰ ਪਹਿਲਾਂ ਮੈਂ ਇਹ ਤੈਅ ਕਰਾਂਗਾ ਕਿ ਮੇਰੇ ਲੋਕਾਂ ਲਈ ਕੀ ਚੰਗਾ ਹੈ ਅਤੇ ਮੈਂ ਦੂਜੇ ਲੋਕਾਂ ਨੂੰ ਦੇਖਾਂਗਾ।'' ਉਹਨਾਂ ਕਿਹਾ, ''ਇਮਰਾਨ ਖਾਨ ਅਮਰੀਕਾ ਦੇ ਖਿਲਾਫ ਨਹੀਂ ਹੈ ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਬਰਾਬਰ ਸਬੰਧ ਚਾਹੁੰਦੇ ਹਾਂ”।

RSS

ਇਮਰਾਨ ਖਾਨ ਨੇ ਕਿਹਾ, ਮੇਰਾ ਪਰਿਵਾਰ ਕਦੇ ਵੀ ਰਾਜਨੀਤੀ ਵਿਚ ਨਹੀਂ ਰਿਹਾ ਪਰ ਪਾਕਿਸਤਾਨ ਦੇ ਲੋਕਾਂ ਦੀ ਬਿਹਤਰੀ ਲਈ ਉਹ ਰਾਜਨੀਤੀ ਵਿਚ ਆਏ ਹਨ। ਇਮਰਾਨ ਖਾਨ ਨੇ ਭਾਰਤ ਵਿਚ ਈਵੀਐਮ ਵੋਟਿੰਗ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦੇ ਨਾਲ ਅਸੀਂ ਈਵੀਐਮ ਰਾਹੀਂ ਵੋਟਿੰਗ ਦੀ ਪ੍ਰਕਿਰਿਆ ਨੂੰ ਲਿਆਂਦਾ ਸੀ। ਅਸੀਂ ਚਾਹੁੰਦੇ ਸੀ ਕਿ ਅਸੀਂ ਵਿਦੇਸ਼ਾਂ 'ਚ ਰਹਿੰਦੇ ਪਾਕਿਸਤਾਨੀ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇ ਸਕੀਏ। ਇਮਰਾਨ ਨੇ ਦੋਸ਼ ਲਗਾਇਆ ਕਿ ਸ਼ਾਹਬਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਇੰਨੇ ਮਸ਼ਹੂਰ ਹਨ, ਫਿਰ ਉਹ ਚੋਣ ਮੈਦਾਨ 'ਚ ਕਿਉਂ ਨਹੀਂ ਆਉਂਦੇ। ਉਹ ਆਯਾਤ ਸਰਕਾਰ ਚਲਾਉਣਾ ਚਾਹੁੰਦੇ ਹਨ। ਇਮਰਾਨ ਖਾਨ ਨੇ ਐਤਵਾਰ ਨੂੰ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ।

Imran Khan

ਪਹਿਲਾਂ ਵੀ ਖੁੱਲ੍ਹ ਕੇ ਕੀਤੀ ਸੀ ਭਾਰਤ ਦੀ ਤਾਰੀਫ਼

ਇਸ ਤੋਂ ਪਹਿਲਾਂ 20 ਮਾਰਚ ਨੂੰ ਇਮਰਾਨ ਖਾਨ ਨੇ ਭਾਰਤ ਦੀ ਤਾਰੀਫ ਕੀਤੀ ਸੀ। ਉਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਨੇ ਅਮਰੀਕੀ ਪਾਬੰਦੀਆਂ ਦੀ ਪਰਵਾਹ ਕੀਤੇ ਬਿਨ੍ਹਾਂ ਰੂਸ ਤੋਂ ਕੱਚਾ ਤੇਲ ਦਰਾਮਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਇਮਰਾਨ ਖਾਨ ਨੇ ਖੁੱਲ੍ਹ ਕੇ ਭਾਰਤੀ ਵਿਦੇਸ਼ ਨੀਤੀ ਦੀ ਤਾਰੀਫ ਕੀਤੀ। ਖਾਨ ਨੇ ਕਿਹਾ ਕਿ ਉਹ ਗੁਆਂਢੀ ਦੇਸ਼ ਭਾਰਤ ਦੀ ਪ੍ਰਸ਼ੰਸਾ ਕਰਨਗੇ ਕਿਉਂਕਿ ਇਸ ਦੀ "ਸੁਤੰਤਰ ਵਿਦੇਸ਼ ਨੀਤੀ" ਹੈ। ਇਮਰਾਨ ਨੇ ਕਿਹਾ ਕਿ ਭਾਰਤ ਕਵਾਡ ਗਰੁੱਪ ਦਾ ਹਿੱਸਾ ਹੈ ਅਤੇ ਉਸ ਨੇ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਹੈ। ਮੇਰੀ ਵਿਦੇਸ਼ ਨੀਤੀ ਵੀ ਪਾਕਿਸਤਾਨੀ ਲੋਕਾਂ ਦੇ ਹਿੱਤ ਵਿਚ ਹੋਵੇਗੀ।