ਜਪਾਨੀ ਪ੍ਰਧਾਨ ਮੰਤਰੀ ਨੂੰ ਜੁੱਤਿਆਂ 'ਚ ਖਾਣਾ ਪਰੋਸਣ 'ਤੇ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਿੰਜੋ ਆਬੇ ਪਿਛਲੇ ਹਫ਼ਤੇ ਇਜ਼ਰਾਈਲ ਦੌਰੇ 'ਤੇ ਗਏ ਸਨ

Food Served in Shoe

ਯਰੂਸ਼ਲਮ, 8 ਮਈ : ਜਾਪਾਨ 'ਚ ਜੁੱਤਿਆਂ ਨੂੰ ਘਰ ਜਾਂ ਦਫ਼ਤਰ ਅੰਦਰ ਨਹੀਂ ਲਿਆਇਆ ਜਾਂਦਾ, ਕਿਉਂਕਿ ਇਹ ਉਨ੍ਹਾਂ ਦੇ ਸੱਭਿਆਚਾਰ ਵਿਰੁਧ ਹੈ। ਪਰ ਜਾਪਾਨ ਦੇ ਪ੍ਰਧਾਨ ਉਦੋਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੂੰ ਇਕ ਡਿਸ਼ ਖਾਣ ਲਈ ਦਿਤੀ ਗਈ ਉਹ ਵੀ ਜੁੱਤੇ 'ਚ ਪਰੋਸ ਕੇ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਪਣੇ ਪਤਨੀ ਅਕੀ ਆਬੇ ਨਾਲ ਪਿਛਲੇ ਹਫ਼ਤੇ ਇਜ਼ਰਾਈਲ ਦੌਰੇ 'ਤੇ ਗਏ ਸਨ।ਇਜ਼ਰਾਈਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਵਿਚਕਾਰ 2 ਮਈ ਨੂੰ ਇਕ ਉੱਚ ਪਧਰੀ ਮੀਟਿੰਗ ਤੋਂ ਬਾਅਦ ਆਬੇ ਅਤੇ ਉਨ੍ਹਾਂ ਦੀ ਪਤਨੀ ਨੂੰ ਬੈਂਜਾਮਿਨ ਨੇਤਨਯਾਹੂ ਨੇ ਅਪਣੇ ਘਰ 'ਤੇ ਭੋਜਨ ਲਈ ਸੱਦਾ ਦਿਤਾ ਸੀ। ਖਾਣਾ ਖਾਣ ਮਗਰੋਂ ਮਿੱਠੇ 'ਚ ਜਦੋਂ ਆਬੇ ਅਤੇ ਉਨ੍ਹਾਂ ਦੀ ਪਤਨੀ ਨੂੰ ਜੁੱਤੇ 'ਚ ਚਾਕਲੇਟ ਪਾ ਕੇ ਦਿਤੀ ਗਈ ਤਾਂ ਉਹ ਹੈਰਾਨ ਰਹਿ ਗਏ।ਇਸ ਮਹਿਮਾਨ ਨਵਾਜ਼ੀ ਨੂੰ ਲੈ ਕੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਖੂਬ ਖਿਚਾਈ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਮਸ਼ਹੂਰ ਸ਼ੈੱਫ ਮੋਸ਼ੇ ਸੇਗੇਵ ਨੇ ਡਿਨਰ ਦੇ ਅਖੀਰ 'ਚ ਲੋਹੇ ਦੇ ਬਣੇ ਜੁੱਤੇ 'ਚ ਚਾਕੇਲਟ ਰੱਖ ਕੇ ਪੇਸ਼ ਕੀਤੀ ਸੀ। ਮੋਸ਼ੇ, ਨੇਤਨਯਾਹੂ ਦੇ ਨਿੱਜੀ ਸ਼ੈੱਫ ਵੀ ਹਨ। ਹੁਣ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ।

ਦਰਅਸਲ ਦੁਨੀਆਂ ਦੀ ਜ਼ਿਆਦਾਤਰ ਸੰਸਕ੍ਰਿਤੀ ਦੀ ਤਰ੍ਹਾਂ ਜਾਪਾਨ 'ਚ ਵੀ ਜੁੱਤੇ ਨੂੰ ਅਪਮਾਨਜਨਕ ਮੰਨਿਆ ਜਾਂਦਾ ਹੈ।ਆਬੇ ਨੇ ਜੁੱਤੇ 'ਚ ਡਿਨਰ 'ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ, ਪਰ ਜਾਪਾਨੀ ਅਤੇ ਇਜ਼ਰਾਈਲੀ ਆਗੂਆਂ ਨੂੰ ਇਹ ਗੱਲ ਜ਼ਿਆਦਾ ਪਸੰਦ ਨਹੀਂ ਆਈ। ਇਕ ਜਾਪਾਨੀ ਸਫ਼ਾਰਤੀ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੁਨੀਆਂ 'ਚ ਅਜਿਹੀ ਕੋਈ ਸੰਸਕ੍ਰਿਤੀ ਨਹੀਂ ਹੈ, ਜਿਸ 'ਚ ਜੁੱਤਿਆਂ ਨੂੰ ਮੇਜ਼ 'ਤੇ ਰਖਿਆ ਜਾਂਦਾ ਹੈ। ਉਧਰ ਇਜ਼ਰਾਈਲ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਾਡੇ ਸ਼ੈੱਫ ਕਾਫ਼ੀ ਕ੍ਰਿਏਟਿਵ ਹਨ ਅਤੇ ਅਸੀ ਉਨ੍ਹਾਂ ਦੇ ਕੰਮ ਦੀ ਤਾਰੀਫ਼ ਕਰਦੇ ਹਾਂ। ਸ਼ੈੱਫ ਮੋਸ਼ੇ ਸੇਗਵੇ ਨੇ ਅਪਣੇ ਇੰਸਟਾਗ੍ਰਾਮ 'ਤੇ ਡੇਜਰਟ ਜੁੱਤੇ ਦੀ ਤਸਵੀਰ ਵੀ ਪਾਈ ਸੀ। (ਪੀਟੀਆਈ)