ਇਸ ਦੇਸ਼ ਵਿਚ ਹੋ ਰਹੀ ਹੈ 'ਕੋਰੋਨਾ ਪਾਰਟੀ', ਜਾਣ ਬੁੱਝ ਕੇ ਪਾਜ਼ੀਟਿਵ ਹੋ ਰਹੇ ਹਨ ਲੋਕ
ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਵਿਚ ਤੇਜ਼ੀ ਨਾਲ ਵੱਧ ਰਹੇ ਹਨ ਪਰ ਅਮਰੀਕਾ ਉਹ ਦੇਸ਼ ਹੈ ਜਿਥੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਵਿਚ ਤੇਜ਼ੀ ਨਾਲ ਵੱਧ ਰਹੇ ਹਨ ਪਰ ਅਮਰੀਕਾ ਉਹ ਦੇਸ਼ ਹੈ ਜਿਥੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸ਼ਨੀਵਾਰ ਸਵੇਰ ਤੱਕ ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ 77 ਹਜ਼ਾਰ ਤੱਕ ਪਹੁੰਚ ਗਈ ਹੈ। ਇਸ ਦੌਰਾਨ ਕਈ ਅਮਰੀਕੀ ਸ਼ਹਿਰਾਂ ਤੋਂ ਲੌਕਡਾਊਨ ਅਤੇ ਸਮਾਜਕ ਦੂਰੀ ਆਦਿ ਨਿਯਮਾਂ ਨੂੰ ਨਾ ਅਪਣਾਉਣ ਦੀਆਂ ਖ਼ਬਰਾਂ ਮਿਲੀਆਂ ਹਨ।
ਉੱਥੇ ਹੀ ਕਈ ਯੂਐਸ ਅਧਿਕਾਰੀ 'ਕੋਰੋਨਾ ਪਾਰਟੀ' ਨੂੰ ਲੈ ਕੇ ਚਿੰਤਾ ਵਿਚ ਹਨ। ਇਕ ਰਿਪੋਰਟ ਅਨੁਸਾਰ ਵਾਸ਼ਿੰਗਟਨ ਵਿਚ Walla Walla County ਦੇ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿਚ 100 ਮਾਮਲੇ ਅਜਿਹੇ ਸਾਹਮਣੇ ਆਏ ਹਨ ਜੋ ਕੋਰੋਨਾ ਵਾਇਰਸ ਪਾਰਟੀ ਕਾਰਨ ਫੈਲੇ ਹਨ। ਪਾਰਟੀ ਵਿਚ ਲੋਕਾਂ ਨੇ ਜਾਣ ਬੁੱਝ ਕੇ ਵਾਇਰਸ ਫੈਲਾਇਆ ਹੈ।
ਵਾਸ਼ਿੰਗਟਨ ਦੇ ਸਿਹਤ ਸਕੱਤਰ ਜੌਹਨ ਵੀਸਮੈਨ ਨੇ ਕਿਹਾ, ਮਹਾਮਾਰੀ ਦੌਰਾਨ ਲੋਕਾਂ ਨੂੰ ਇਕੱਠਾ ਕਰਨਾ ਖਤਰਨਾਕ ਹੈ। ਇਸ ਨਾਲ ਲੋਕਾਂ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਮੌਤਾਂ ਵੀ ਹੋ ਸਕਦੀਆਂ ਹਨ। ਬੀਤੇ ਮਹੀਨੇ ਅਮਰੀਕਾ ਦੇ ਸ਼ਿਕਾਗੋ ਵਿਚ ਇਕ ਪਾਰਟੀ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੋਈ, ਇਸ ਦਾ ਵੀਡੀਓ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋਇਆ ਸੀ।
ਪਾਰਟੀ ਲਈ ਇਕੋ ਘਰ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ। ਪਾਰਟੀ ਵਿਚ ਹਿੱਸਾ ਲੈ ਰਹੇ ਨੌਜਵਾਨਾਂ ਨੇ ਖੁਦ ਵੀ ਵੀਡੀਓ ਅਪਲੋਡ ਕੀਤੀ ਸੀ। ਕੋਰੋਨਾ ਵਾਇਰਸ ਦੇ ਨਾਂਅ 'ਤੇ ਹੋਣ ਵਾਲੀ ਪਾਰਟੀ ਵਿਚ ਜੋ ਲੋਕ ਕੋਰੋਨਾ ਪਾਜ਼ੀਟਿਵ ਨਹੀਂ ਹੁੰਦੇ ਉਹ ਸੰਕਰਮਿਤ ਲੋਕਾਂ ਨਾਲ ਬੈਠਦੇ ਹਨ ਤਾਂ ਜੋ ਉਹਨਾਂ ਨੂੰ ਵੀ ਕੋਰੋਨਾ ਵਾਇਰਸ ਹੋ ਜਾਵੇ।
ਸਿਹਤ ਸਕੱਤਰ ਜੌਨ ਵੀਸਮੈਨ ਦਾ ਕਹਿਣਾ ਹੈ ਕਿ ਅਜਿਹੇ ਵਰਤਾਅ ਨਾਲ ਮਾਮਲਿਆਂ ਦੀ ਗਿਣਤੀ ਵਧੇਗੀ ਅਤੇ ਵਾਸ਼ਿੰਗਟਨ ਵਿਚ ਲੌਕਡਾਊਨ ਹਟਾਉਣ ਵਿਚ ਵੀ ਦੇਰੀ ਹੋਵੇਗੀ। Walla Walla County ਦੇ ਕਮਿਊਨਿਟੀ ਹੈਲਥ ਡਾਇਰੈਕਟਰ ਮੇਘਨ ਡੀਬੋਲਟ ਦਾ ਕਹਿਣਾ ਹੈ ਕਿ ਕਾਨਟੈਕਸ ਟਰੇਸਿੰਗ ਵਿਟ ਇਹ ਖੁਲਾਸਾ ਹੋਇਆ ਹੈ ਕਿ ਕਈ ਸੰਕਰਮਿਤ ਵਿਅਕਤੀ ਪਾਜ਼ੀਟਿਵ ਹੋਣ ਦੇ ਉਦੇਸ਼ ਨਾਲ ਪਾਰਟੀ ਵਿਚ ਸ਼ਾਮਲ ਹੋਏ ਸਨ।