ਗਰਮੀ ਤੇ ਨਮੀ ’ਚ ਵੀ ਨਹੀਂ ਰੁਕੇਗਾ ਕੋਵਿਡ-19 ਦਾ ਕਹਿਰ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਮਾਜਿਕ ਦੂਰੀ ਅਤੇ ਸਾਮੂਹਿਕ ਸਮਾਗਮਾਂ ’ਤੇ ਪਾਬੰਦੀ ਨਾਲ ਹੀ ਘਟੇਗਾ ਕੋਰੋਨਾ ਦਾ ਖ਼ਤਰਾ

File Photo

ਟੋਰਾਂਟ, 8 ਮਈ : ਇਕ ਗਲੋਬਲ ਅਧਿਐਨ ਮੁਤਾਬਕ ਤਾਪਮਾਨ ਅਤੇ ਅਕਸ਼ਾਂਸ ਕੋਵਿਡ-19 ਦੇ ਪ੍ਰਸਾਰ ਦੇ ਨਾਲ ਸਬੰਧਤ ਨਹੀਂ ਹਨ। ਅਧਿਐਨ ’ਚ ਪਾਇਆ ਗਿਆ ਕਿ ਸਕੂਲਾਂ ਨੂੰ ਬੰਦ ਰੱਖਣ ਅਤੇ ਹੋਰ ਸਰਕਾਰੀ ਸਿਹਤ ਉਪਾਆਂ ਦਾ ਕੋਰੋਨਾ ਵਾਇਰਸ ਦੇ ਰੋਕਥਾਮ ’ਤੇ ਸਕਾਰਾਤਮਕ ਅਸਰ ਪੈ ਰਿਹਾ ਹੈ। ਅਧਿਐਨ ਵਿਚ 144 ਦੇਸ਼ਾਂ ਦੇ ਭੂ-ਰਾਜਨੀਤਿਕ ਖੇਤਰਾਂ ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਦੇ ਰਾਜਾਂ ਅਤੇ ਸੂਬਿਆਂ ਅਤੇ ਵਿਸ਼ਵ ਦੇ ਕਈ ਹੋਰ ਖੇਤਰਾਂ ਅਤੇ ਕੋਵਿਡ-19 ਦੇ ਕੁੱਲ 3,75,600 ਮਾਮਲਿਆਂ ਨੂੰ ਦੇਖਿਆ ਗਿਆ। 

ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਚੀਨ, ਇਟਲੀ, ਈਰਾਨ ਅਤੇ ਦਖਣੀ ਕੋਰੀਆ ਨੂੰ ਹਟਾਇਆ ਗਿਆ ਹੈ ਕਿਉਂਕਿ ਹੋਰ ਖੇਤਰਾਂ ਦੇ ਵਿਸ਼ਲੇਸ਼ਣ ਦੇ ਸਮੇਂ ਚੀਨ ’ਚ ਵਾਇਰਸ ਜਾਂ ਤਾਂ ਕਮਜ਼ੋਰ ਹੋ ਰਿਹਾ ਸੀ ਜਾਂ ਬਿਮਾਰੀ ਅਪਣੇ ਸ਼ਿਖਰ ’ਤੇ ਸੀ।  ਇਸ ਅਧਿਐਨ ਵਿਚ ਮੁੱਖ ਰੂਪ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿਗਿਆਨੀ ਸ਼ਾਮਲ ਸਨ। ਇਹ ਅਧਿਐਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। 

ਟੋਰਾਂਟੋ ਯੂਨੀਵਰਸਿਟੀ ਅਤੇ ਕੈਨੇਡਾ ਦੇ ਸੈਂਟ ਮਾਈਕਲ ਹਸਪਤਾਲ ਦੇ ਪੀਟਰ ਜੂਨੀ ਨੇ ਕਿਹਾ, ‘‘ਸਾਡਾ ਅਧਿਐਨ ਕੋਵਿਡ 19 ਮਹਾਮਾਰੀ ਤੋਂ ਗਲੋਬਲ ਡਾਟਾ ਦਾ ਇਸਤੇਮਾਲ ਕਰ ਕੇ ਜ਼ਰੂਰੀ ਨਵੇਂ ਸਬੂਤ ਉਪਲਬੱਧ ਕਰਾਉਂਦਾ ਹੈ ਕਿ ਇਨ੍ਹਾਂ ਜਨਤਕ ਸਿਹਤ ਕਾਰਜਾਂ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਹੈ। ਪੀਟਰ ਜੂਨੀ ਨੇ ਦਸਿਆ ਕਿ ਅਸੀਂ 7 ਮਾਰਚ ਤੋਂ 13 ਮਾਰਚ ਤਕ ਪੂਰੀ ਦੁਨੀਆਂ ਵਿਚ ਉੱਚਾਈ, ਤਾਪਮਾਨ, ਨਮੀ, ਬੰਦ ਸਕੂਲ, ਪਾਬੰਦੀਆਂ, ਸਾਮੂਹਿਕ ਆਯੋਜਨਾਂ ਨੂੰ  ਵਾਇਰਸ ਨਾਲ ਜੋੜ ਕੇ ਵਿਸ਼ਲੇਸ਼ਣ ਕੀਤਾ ਤਾਂ ਪਤਾ ਚੱਲਿਆ ਕਿ ਗਰਮੀ ਅਤੇ ਨਮੀ ਦਾ ਇਸ ਵਾਇਰਸ ਦੀ ਰੋਕਥਾਮ ਨਾਲ ਕੋਈ ਸੰਬੰਧ ਨਹੀਂ ਹੈ।

ਜੂਨੀ ਨੇ ਦਸਿਆ ਕਿ ਸਾਨੂੰ ਪਹਿਲਾਂ ਹੀ ਛੋਟੇ ਅਧਿਐਨ ਵਿਚ ਪਤਾ ਚੱਲਿਆ ਸੀ ਕਿ ਗਰਮੀ ਅਤੇ ਨਮੀ ਨਾਲ ਕੋਰੋਨਾ ਵਾਇਰਸ ਦੀ ਗਤੀ ਰੁਕੇਗੀ ਪਰ ਜਦੋਂ ਅਸੀਂ ਅਧਿਐਨ ਦਾ ਪੱਧਰ ਵਧਾਇਆ ਅਤੇ ਕਈ ਵਾਰ ਵੱਡੇ ਪੱਧਰ ’ਤੇ ਅਧਿਐਨ ਕੀਤਾ ਤਾਂ ਨਤੀਜੇ ਪਹਿਲਾਂ ਤੋਂ ਉਲਟ ਆਏ ਮਤਲਬ ਗਰਮੀ ਅਤੇ ਨਮੀ ਦਾ ਕੋਰੋਨਾ ’ਤੇ ਕੋਈ ਅਸਰ ਨਹੀਂ ਹੈ ਪਰ ਸਕੂਲ ਬੰਦ ਕਰਨਾ, ਸਮੂਹਿਕ ਆਯੋਜਨਾਂ ’ਤੇ ਪਾਬੰਦੀ ਅਤੇ ਸਮਾਜਿਕ ਦੂਰੀ ਕੰਮ ਆਏ।

ਇਸ ਕਾਰਨ ਕੋਰੋਨਾ ਵਾਇਰਸ ਦਾ ਪ੍ਰਭਾਵ ਕਾਫੀ ਰੁਕਿਆ ਹੈ। ਇਸ ਅਧਿਐਨ ਨੂੰ ਕਰਨ ਵਾਲੇ ਦੂਜੇ ਖੋਜੀ ਪ੍ਰੋਫੈਸਰ ਡਿਯੋਨੀ ਜੇਸਿੰਕ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਜੇਕਰ ਲੋਕ ਕੋਰੋਨਾਵਾਇਰਸ ਦੇ ਸਮੇਂ ਵਿਚ ਘਰਾਂ ਵਿਚ ਰਹਿਣ, ਸਮਾਜਿਕ ਦੂਰੀ ਅਤੇ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ ਰੱਖਣ। ਜਿੰਨਾ ਜ਼ਿਆਦਾ ਇਹਨਾਂ ਚੀਜ਼ਾਂ ਦਾ ਧਿਆਨ ਰਖਿਆ ਜਾਵੇਗਾ ਦੁਨੀਆ ਉਨੀ ਹੀ ਸੁਰੱਖਿਅਤ ਰਹੇਗੀ ਅਤੇ ਇਸ ’ਤੇ ਰਹਿਣ ਵਾਲੇ ਇਨਸਾਨ ਵੀ।    (ਪੀਟੀਆਈ)