US ਵਿਚ 2 ਧਿਰਾਂ ਵਿਚਾਲੇ ਹੋਈ ਫਾਇਰਿੰਗ, 4 ਸਾਲਾਂ ਬੱਚੀ ਸਮੇਤ 3 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2 ਅਪਣਾਤੇ ਧਿਰਾਂ ਨੇ ਕਿਸੇ ਗੱਲ ਨੂੰ ਲੈ ਕੇ ਕੀਤੀ ਗੋਲੀਬਾਰੀ

Firing between two parties in the US, 3 injured, including a 4-year-old girl

ਨਿਊਯਾਰਕ: ਨਿਊਯਾਰਕ ਸਿਟੀ ਦੇ  ਟਾਈਮਸ ਸਕੁਏਅਰ ਵਿੱਚ ਦੋ ਧੜਿਆਂ ਦਰਮਿਆਨ  ਹੋਈ ਬਹਿਸ ਹਿੰਸਕ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 5 ਵਜੇ ਦੀ ਹੈ। ਇਸ ਸਮੇਂ ਦੌਰਾਨ ਉਥੇ ਮੌਜੂਦ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ 4 ਸਾਲ ਦੀ ਬੱਚੀ ਵੀ ਸ਼ਾਮਲ ਹੈ, ਜੋ ਪਰਿਵਾਰ ਨਾਲ ਖਿਡੌਣੇ ਖਰੀਦਣ ਗਈ ਸੀ।

ਪੁਲਿਸ ਕਮਿਸ਼ਨਰ ਡੇਰਮੋਟ ਸ਼ੀਆ ਨੇ ਦੱਸਿਆ ਕਿ ਬਰੁਕਲਿਨ ਵਿਚ ਰਹਿਣ ਵਾਲਾ ਪਰਿਵਾਰ ਆਪਣੇ ਬੱਚੀ ਨੂੰ ਇਥੇ ਖਿਡੌਣਿਆਂ ਦਿਵਾਉਣ ਲਈ ਆਇਆ ਸੀ। ਗੋਲੀਬਾਰੀ ਦੌਰਾਨ ਲੜਕੀ ਦੀ ਲੱਤ ਵਿਚ ਗੋਲੀ ਲੱਗੀ। ਇਸ ਤੋਂ ਇਲਾਵਾ, ਰ੍ਹੋਡ ਆਈਲੈਂਡ ਦੀ ਇਕ 23 ਸਾਲਾ ਮਹਿਲਾ ਸੈਲਾਨੀ ਅਤੇ ਨਿਊ ਜਰਸੀ ਦੀ ਇਕ 43 ਸਾਲਾ ਔਰਤ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਥਾਨਕ ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ਨੀਵਾਰ ਸ਼ਾਮ 5 ਵਜੇ ਦੀ ਹੈ। ਜਿਥੇ ਦੋਹਾਂ ਧਿਰਾਂ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਉਨ੍ਹਾਂ ਇਕ-ਦੂਜੇ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਦੋਹਾਂ ਧਿਰਾਂ ਦਾ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਪਰ ਉਥੇ ਘੁੰਮ ਰਹੇ ਲੋਕ ਇਸ ਗੋਲੀਬਾਰੀ ਦਾ ਸ਼ਿਕਾਰ ਹੋ ਗਏ।

ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਟਾਈਮਸ ਸਕੁਏਅਰ ਨੂੰ ਆਮ ਦਿਨਾਂ ਵਿਚ ਟੂਰਿਟਸ ਦਾ ਹਾਟ-ਸਪਾਟ ਵੀ ਮੰਨਿਆ ਜਾਂਦਾ ਹੈ। ਖੁਸ਼ਕਿਮਸਤੀ ਵਾਲੀ ਗੱਲ ਇਹ ਰਹੀ ਕਿ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਅਮਰੀਕੀ ਸਰਕਾਰ ਵੱਲੋਂ ਇਸ ਨੂੰ ਮਾਰਚ ਮਹੀਨੇ ਤੋਂ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਇਥੇ ਲੋਕਾਂ ਦੀ ਭੀੜ ਕਾਫੀ ਘੱਟ ਸੀ ਅਤੇ ਇਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਇਡਾਹੋ ਸਥਿਤ ਇਕ ਸਕੂਲ ਵਿਚ ਵੀਰਵਾਰ 6ਵੀਂ ਕਲਾਸ ਦੀ ਬੱਚੀ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਘਟਨਾ ਵਿਚ 2 ਬੱਚਿਆਂ ਸਣੇ 3 ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਬਾਂਹਾਂ ਅਤੇ ਪੈਰਾਂ ਵਿਚ ਗੋਲੀਆਂ ਲੱਗੀਆਂ ਸਨ। ਬਾਅਦ ਵਿਚ ਇਕ ਟੀਚਰ ਨੇ ਉਸ ਬੱਚੀ ਨੂੰ ਬੰਦੂਕ ਖੋਹ ਲਈ ਅਤੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਉਥੇ ਮਾਰਚ ਮਹੀਨੇ ਵਿਚ ਕਰੀਬ 12 ਦਿਨਾਂ ਦੇ ਅੰਦਰ 9 ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ।

ਅਮਰੀਕਾ ਨੂੰ ਬੇਸ਼ੱਕ ਆਪਣੀ ਤਕਨਾਲੋਜੀ ਅਤੇ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਕਰ ਕੇ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਅਮਰੀਕਾ ਨੂੰ 'ਗਨ ਕਲਚਰ' ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ  ਹੈ ਭਾਵ ਇਥੇ ਆਏ ਦਿਨੀਂ ਅਮਰੀਕਾ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਵਾਪਰ ਹੀ  ਜਾਂਦੀ ਹੈ।

ਦੂਜੇ ਪਾਸੇ ਰਾਸ਼ਟਰਪਤੀ ਜੋ ਬਾਈਡੇਨ ਨੇ ਮਾਰਚ ਮਹੀਨੇ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਲਈ ਕਿਹਾ ਸੀ ਕਿ ਉਹ ਹਰ ਇਕ ਅਮਰੀਕੀ ਨਾਗਰਿਕ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਨ ਇਸ ਕਰ ਕੇ ਉਹ ਵੱਡੇ ਹਥਿਆਰਾਂ ਸਣੇ ਅਸਾਲਟ ਰਾਈਫਲਾਂ 'ਤੇ ਬੈਨ ਲਾ ਰਹੇ ਹਨ ਪਰ ਰਾਸ਼ਟਰਪਤੀ ਬਾਈਡੇਨ ਦੇ ਇਸ ਬਿਆਨ ਤੋਂ ਬਾਅਦ ਵੀ ਗੋਲੀਬਾਰੀ ਦੀਆਂ ਘਟਨਾਵਾਂ ਘੱਟਣ ਦੀ ਬਜਾਏ ਲਗਾਤਾਰ ਵਧ ਹੀ ਰਹੀਆਂ ਹਨ।