ਕੈਨੇਡਾ ਅਤੇ ਚੀਨ ਨੇ ਇਕ-ਦੂਜੇ ਦੇ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ
ਸਰਕਾਰੀ ਅਧਿਕਾਰੀ ਨੇ ਕਿਹਾ ਕਿ ਟੋਰਾਂਟੋ ਸਥਿਤ ਡਿਪਲੋਮੈਟ ਝਾਓ ਵੇਈ ਕੋਲ ਦੇਸ਼ ਛੱਡਣ ਲਈ ਸਿਰਫ਼ ਪੰਜ ਦਿਨ ਹਨ।
ਬੀਜਿੰਗ - ਚੀਨ ਨੇ ਕੈਨੇਡਾ ਦੀ ਕਾਰਵਾਈ 'ਤੇ ਪਲਟਵਾਰ ਕੀਤਾ ਹੈ ਅਤੇ ਇੱਕ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਓਟਾਵਾ ਦੁਆਰਾ ਇੱਕ ਚੀਨੀ ਕੌਂਸਲਰ ਅਧਿਕਾਰੀ ਨੂੰ ਕੈਨੇਡੀਅਨ ਸੰਸਦ ਮੈਂਬਰ ਅਤੇ ਉਸ ਦੇ ਪਰਿਵਾਰ ਵਿਰੁੱਧ ਕਥਿਤ ਧਮਕੀਆਂ ਦੇਣ ਦੇ ਦੋਸ਼ ਵਿਚ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਕੈਨੇਡਾ ਦੇ ਬੇਈਮਾਨ ਕਦਮ ਲਈ ਪਰਸਪਰ ਜਵਾਬੀ ਉਪਾਅ" ਕਰ ਰਿਹਾ ਹੈ, ਜਿਸ ਦਾ ਉਹ "ਪੱਕਾ ਵਿਰੋਧ" ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸ਼ੰਘਾਈ ਦੇ ਕਾਰੋਬਾਰੀ ਕੇਂਦਰ ਵਿਚ ਸਥਿਤ ਕੈਨੇਡੀਅਨ ਡਿਪਲੋਮੈਟ ਨੂੰ 13 ਮਈ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ ਅਤੇ ਚੀਨ ਜਵਾਬ ਵਿਚ ਅਗਲੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
ਕੈਨੇਡਾ ਨੇ ਇਸ ਤੋਂ ਪਹਿਲਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਇੱਕ ਚੀਨੀ ਡਿਪਲੋਮੈਟ ਨੂੰ ਕੱਢ ਰਹੀ ਹੈ, ਜਿਸ 'ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਹਾਂਗਕਾਂਗ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਟੋਰਾਂਟੋ ਸਥਿਤ ਡਿਪਲੋਮੈਟ ਝਾਓ ਵੇਈ ਕੋਲ ਦੇਸ਼ ਛੱਡਣ ਲਈ ਸਿਰਫ਼ ਪੰਜ ਦਿਨ ਹਨ।