ਪਾਕਿ ਦੇ ਸਾਬਕਾ PM ਗ੍ਰਿਫ਼ਤਾਰ, ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਹੋਈ ਗ੍ਰਿਫ਼ਤਾਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਉਹ ਪੇਸ਼ੀ ਲਈ ਇਸਲਾਮਾਬਾਦ ਹਾਈ ਕੋਰਟ ਗਏ ਸਨ।

Imran Khan

ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਪੇਸ਼ੀ ਲਈ ਇਸਲਾਮਾਬਾਦ ਹਾਈ ਕੋਰਟ ਗਏ ਸਨ। ਪਾਕਿਸਤਾਨੀ ਰੇਂਜਰ ਉਸ ਨੂੰ ਅਦਾਲਤ ਦੇ ਬਾਹਰੋਂ ਆਪਣੇ ਨਾਲ ਲੈ ਗਏ। ਇਮਰਾਨ ਖਾਨ ਕਈ ਮਾਮਲਿਆਂ 'ਚ ਜ਼ਮਾਨਤ ਲਈ ਹਾਈਕੋਰਟ ਪਹੁੰਚੇ ਸਨ। ਉਹ ਪਹਿਲੇ ਦਿਨ ਤੋਂ ਹੀ ਫੌਜ ਦੇ ਇਕ ਉੱਚ ਅਧਿਕਾਰੀ ਖਿਲਾਫ਼ ਬਿਆਨਬਾਜ਼ੀ ਕਰ ਰਹੇ ਸਨ।

ਇਮਰਾਨ ਖ਼ਾਨ ਦੇ ਵਕੀਲ ਫੈਜ਼ਲ ਚੌਧਰੀ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਖਾਨ ਦੀ ਪਾਰਟੀ ਦੇ ਨੇਤਾ ਮਸਰਤ ਚੌਧਰੀ ਨੇ ਕਿਹਾ- ਖਾਨ ਸਾਬ੍ਹ 'ਤੇ ਮੇਰੇ ਸਾਹਮਣੇ ਜ਼ਬਰਦਸਤ ਤਸ਼ੱਦਦ ਕੀਤਾ ਗਿਆ। ਮੈਨੂੰ ਡਰ ਹੈ ਕਿ ਉਹ ਮਾਰਿਆ ਜਾ ਸਕਦਾ ਹੈ। ਇਮਰਾਨ ਦੇ ਵਕੀਲ ਦੀ ਵੀਡੀਓ ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਇਮਰਾਨ ਨੂੰ ਹਾਈ ਕੋਰਟ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਮਰਾਨ ਖਾਨ ਦਾ ਵਕੀਲ ਵੀ ਗੰਭੀਰ ਜਖਮੀ ਹੋਇਆ ਹੈ। 

ਇਮਰਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਯੂਨੀਵਰਸਿਟੀ ਨਾਲ ਸਬੰਧਤ ਮਾਮਲਾ ਹੈ। ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਦਿੱਤੀ ਸੀ। ਇਸ ਮਾਮਲੇ ਦਾ ਖੁਲਾਸਾ ਪਾਕਿਸਤਾਨ ਦੀ ਸਭ ਤੋਂ ਅਮੀਰ ਸ਼ਖਸੀਅਤ ਮਲਿਕ ਰਿਆਜ਼ ਨੇ ਕੀਤਾ ਹੈ।

ਉਸ ਨੇ ਦੋਸ਼ ਲਾਇਆ ਸੀ ਕਿ ਇਮਰਾਨ ਅਤੇ ਉਸ ਦੀ ਪਤਨੀ ਨੇ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ। ਬਾਅਦ ਵਿੱਚ ਰਿਆਜ਼ ਅਤੇ ਉਸ ਦੀ ਬੇਟੀ ਦੀ ਗੱਲਬਾਤ ਦਾ ਇੱਕ ਆਡੀਓ ਲੀਕ ਹੋ ਗਿਆ ਸੀ। ਇਸ 'ਚ ਰਿਆਜ਼ ਦੀ ਬੇਟੀ ਦਾ ਕਹਿਣਾ ਹੈ ਕਿ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਲਗਾਤਾਰ ਉਸ ਤੋਂ ਪੰਜ ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗ ਰਹੀ ਹੈ। ਇਸ 'ਤੇ ਰਿਆਜ਼ ਦਾ ਕਹਿਣਾ ਹੈ ਕਿ ਜੇਕਰ ਉਹ ਸਭ ਕੁਝ ਕਰਦੀ ਹੈ ਤਾਂ ਉਸ ਨੂੰ ਪੰਜ ਕੈਰੇਟ ਦੀ ਅੰਗੂਠੀ ਦੇ ਦਿਓ।