ਸਾਊਦੀ ਅਰਬ 'ਚ ਅਨੌਖਾ ਫ਼ੈਸ਼ਨ ਸ਼ੋਅ - ਔਰਤਾਂ ਦੇ ਕਪੜਿਆਂ 'ਚ ਡਰੋਨਾਂ ਵਲੋਂ 'ਕੈਟਵਾਕ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ 'ਚ ਪ੍ਰਿੰਸ ਸਲਮਾਨ ਦੇ 'ਵਿਜ਼ਨ 2030' ਤਹਿਤ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ। ...

Exotic Fashion Show in Saudi Arabia

ਜੇਦਾਹ, ਸਾਊਦੀ ਅਰਬ 'ਚ ਪ੍ਰਿੰਸ ਸਲਮਾਨ ਦੇ 'ਵਿਜ਼ਨ 2030' ਤਹਿਤ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦਾ ਦਾਇਰਾ ਵਧਾਉਣ ਦੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਵਿਚਕਾਰ ਇਥੇ ਦੇ ਜੇਦਾਹ ਸ਼ਹਿਰ 'ਚ ਰਖਿਆ ਗਿਆ ਇਕ ਫ਼ੈਸ਼ਨ ਸ਼ੋਅ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਮੁੱਦਾ ਬਣ ਗਿਆ ਹੈ। ਦਰਅਸਲ ਇਸ 'ਚ ਡਿਜ਼ਾਈਨਰ ਕਪੜਿਆਂ ਦੇ ਪ੍ਰਦਰਸ਼ਨ ਲਈ ਮਹਿਲਾ ਮਾਡਲਾਂ ਦੀ ਥਾਂ ਡਰੋਨਾਂ ਦੀ ਵਰਤੋਂ ਕੀਤੀ ਗਈ।

ਇਸ ਸ਼ੋਅ ਦੀ ਇਕ ਵੀਡੀਉ ਟਵੀਟਰ 'ਤੇ ਪਾਈ ਗਈ ਹੈ, ਜਿਸ 'ਚ ਡਰੋਨਾਂ 'ਤੇ ਟੰਗੇ ਕਪੜੇ ਸੈਂਕੜੇ ਲੋਕਾਂ ਵਿਚਕਾਰ ਉਡਦੇ ਵਿਖਾਈ ਦੇ ਰਹੇ ਹਨ। 'ਬੀਬੀਸੀ ਅਰਬੀ' ਨੂੰ ਦਿਤੇ ਗਏ ਇੰਟਰਵਿਊ 'ਚ ਫ਼ੈਸ਼ਨ ਸ਼ੋਅ ਦੇ ਇਕ ਆਰਗੇਜਨਾਈਜ਼ਰ ਅਲੀ ਨਬੀਲ ਅਕਬਰ ਨੇ ਕਿਹਾ ਕਿ ਖਾੜੀ ਦੇਸ਼ 'ਚ ਇਸ ਤਰ੍ਹਾਂ ਦਾ ਪਹਿਲਾ ਫ਼ੈਸ਼ਨ ਸ਼ੋਅ ਸੀ। ਇਸ ਦੀ ਤਿਆਰੀ 'ਚ ਦੋ ਹਫ਼ਤੇ ਦਾ ਸਮਾਂ ਲੱਗਾ।

ਅਲੀ ਨੇ ਕਿਹਾ ਕਿ ਡਰੋਨ ਤੋਂ ਕਪੜੇ ਵਿਖਾਉਣ ਦਾ ਫ਼ੈਸਲਾ ਕਾਫੀ ਚੰਗਾ ਸੀ, ਕਿਉਂਕਿ ਰਮਜ਼ਾਨ ਦੇ ਮਹੀਨੇ 'ਚ ਇਹੀ ਸੱਭ ਤੋਂ ਵਧੀਆ ਆਪਸ਼ਨ ਸੀ। 
ਜ਼ਿਕਰਯੋਗ ਹੈ ਕਿ  ਸਾਊਦੀ ਅਰਬ ਦੇ ਇਤਿਹਾਸ 'ਚ ਇਸੇ ਸਾਲ ਪਹਿਲੀ ਵਾਰ ਫ਼ੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਹਾਲਾਂਕਿ ਇਸ 'ਚ ਸਖ਼ਤ ਨਿਯਮਾਂ ਕਾਰਨ ਵਿਵਾਦ ਹੋਇਆ ਸੀ।

ਸ਼ੋਅ ਲਈ ਆਈਆਂ ਮਾਡਲਾਂ ਨੂੰ ਸਿਰਫ਼ ਮਹਿਲਾ ਦਰਸ਼ਕਾਂ ਸਾਹਮਣੇ ਹੀ ਕੈਟਵਾਕ ਕਰਨ ਦੀ ਇਜ਼ਾਜਤ ਦਿਤੀ ਗਈ ਸੀ। 
ਦੱਸਣਯੋਗ ਹੈ ਕਿ ਸਾਊਦੀ ਅਰਬ 'ਚ ਔਰਤਾਂ ਦੇ ਕਪੜੇ ਪਹਿਣਨ ਲਈ ਕਈ ਤਰ੍ਹਾਂ ਦੇ ਨਿਯਮ ਹਨ। ਜਨਤਕ ਥਾਵਾਂ 'ਤੇ ਔਰਤਾਂ ਨੂੰ ਇਥੇ ਖ਼ੁਦ ਨੂੰ ਅਬਾਯਾ ਨਾਲ ਢਕਣਾ ਪੈਂਦਾ ਹੈ। ਕਈ ਔਰਤਾਂ ਖ਼ੁਦ ਨੂੰ ਢਕਣ ਲਈ ਹਿਜ਼ਾਬ ਜਾਂ ਫਿਰ ਨਕਾਬ ਦੀ ਵਰਤੋਂ ਕਰਦੀਆਂ ਹਨ। (ਏਜੰਸੀ)