ਆਸਟ੍ਰੀਆ ਸਰਕਾਰ ਨੇ 7 ਮਸਜਿਦਾਂ ਬੰਦ ਕੀਤੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੀਆ ਸਰਕਾਰ ਨੇ ਦੇਸ਼ ਦੀਆਂ 7 ਮਸਜਿਦਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲਗਭਗ 60 ਇਮਾਮਾਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾ ...

Austria

ਵਿਯਨਾ,  ਆਸਟ੍ਰੀਆ ਸਰਕਾਰ ਨੇ ਦੇਸ਼ ਦੀਆਂ 7 ਮਸਜਿਦਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲਗਭਗ 60 ਇਮਾਮਾਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਸਲਾਮ ਦੇ ਰਾਜਨੀਤੀਕਰਨ ਅਤੇ ਮਸਜਿਦਾਂ ਦੀ ਵਿਦੇਸ਼ੀ ਫੰਡਿੰਗ 'ਤੇ ਰੋਕ ਲਗਾਉਣ ਲਈ ਇਹ ਫ਼ੈਸਲਾ ਲਿਆ ਹੈ। ਆਸਟ੍ਰੀਆ ਦੇ ਚਾਂਸਲਰ ਸੈਬੇਸਟੀਅਨ ਕੁਰਜ਼ ਨੇ ਸ਼ੁਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ।

ਉਨ੍ਹਾਂ ਦਸਿਆ ਕਿ ਸਰਕਾਰ ਵਿਯਨਾ 'ਚ ਮੌਜੂਦ ਇਕ ਤੁਰਕ ਰਾਸ਼ਟਰਵਾਦੀ ਮਸਜਿਦ ਨੂੰ ਬੰਦ ਕਰ ਰਹੀ ਹੈ। ਇਸ ਤੋਂ ਇਲਾਵਾ ਅਰਬ ਧਾਰਮਕ ਸੰਗਠਨਾਂ ਨਾਲ ਸਬੰਧਤ 6 ਹੋਰ ਮਸਜਿਦਾਂ ਨੂੰ ਬੰਦ ਕੀਤਾ ਜਾ ਰਿਹਾ ਹੈ।ਕੁਰਜ਼ ਮੁਤਾਬਕ ਸਰਕਾਰ ਨੇ ਇਹ ਫ਼ੈਸਲਾ ਧਾਰਮਕ ਮਾਮਲਿਆਂ ਦੀ ਕਮੇਟੀ ਦੀ ਜਾਂਚ ਮਗਰੋਂ ਲਿਆ ਹੈ। ਦਰਅਸਲ ਇਸੇ ਸਾਲ ਅਪ੍ਰੈਲ 'ਚ ਕੁੱਝ ਤਸਵੀਰਾਂ ਸਾਹਮਣੇ ਆਈਆਂ ਸਨ।

ਇਨ੍ਹਾਂ 'ਚ ਤੁਰਕੀ ਨਾਲ ਸਬੰਧਤ ਮਸਜਿਦਾਂ 'ਚ ਬੱਚਿਆਂ ਨੂੰ ਪਹਿਲੇ ਵਿਸ਼ਵ ਯੁੱਧ ਦਾ ਇਕ ਨਾਟਕ ਵਿਖਾਇਆ ਗਿਆ ਸੀ, ਜਿਸ 'ਚ ਲੱਖਾਂ ਤੁਰਕ ਨਾਗਰਿਕ ਮਾਰੇ ਗਏ ਸਨ। ਉਨ੍ਹਾਂ ਦੀ ਯਾਦ 'ਚ ਖੇਡੇ ਗਏ ਨਾਟਕ ਵਿਚ ਕਈ ਬੱਚਿਆਂ ਨੇ ਮਰਨ ਦਾ ਕਿਰਦਾਰ ਪੇਸ਼ ਕੀਤਾ ਸੀ। ਜਾਰੀ ਤਸਵੀਰਾਂ 'ਚ ਬੱਚਿਆਂ ਨੂੰ ਤੁਰਕੀ ਦਾ ਝੰਡਾ ਲਪੇਟੇ ਅਤੇ ਉਸ ਨੂੰ ਸਲਾਮੀ ਦਿੰਦਿਆਂ ਵਿਖਾਇਆ ਗਿਆ ਸੀ। ਕੁਰਜ਼ ਨੇ ਇਸ ਘਟਨਾ ਨੂੰ ਇਸਲਾਮਿਕ ਰਾਜਨੀਤੀਕਰਨ ਕਰਾਰ ਦਿੰਦਿਆਂ ਕਿਹਾ ਕਿ ਕੱਟੜਤਾ ਦੀ ਦੇਸ਼ 'ਚ ਕੋਈ ਥਾਂ ਨਹੀਂ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੀਆ 'ਚ ਸਾਲ 2015 ਵਿਚ ਇਕ ਕਾਨੂੰਨ ਲਾਗੂ ਕੀਤਾ ਗਿਆ ਸੀ, ਜਿਸ ਤਹਿਤ ਕੋਈ ਵੀ ਧਾਰਮਕ ਸੰਗਠਨ ਵਿਦੇਸ਼ ਤੋਂ ਫੰਡਿੰਗ ਨਹੀਂ ਲੈ ਸਕਦਾ। ਇਸੇ ਨਿਯਮ ਤਹਿਤ ਵਿਦੇਸ਼ਾਂ ਤੋਂ ਫੰਡਿੰਗ ਪਾਉਣ ਵਾਲੀਆਂ ਮਸਜਿਦਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਸਟ੍ਰੀਆ ਦੇ ਗ੍ਰਹਿ ਮੰਤਰੀ ਹੋਬਰਟ ਕਿਕਲ ਨੇ ਦਸਿਆ ਕਿ ਤੁਰਕੀ-ਇਸਲਾਮਿਕ ਸੱਭਿਆਚਾਕ ਸੰਗਠਨ ਦੇ 60 ਇਮਾਮਾਂ ਦੇ ਹੋਮ ਪਰਮਿਟ ਦੀ ਜਾਂਚ ਕੀਤੀ ਜਾ ਰਹੀ ਹੈ। ਕਿਕਲ ਨੇ ਦਾਅਵਾ ਕੀਤਾ ਕਿ ਦੋ ਮਾਮਲਿਆਂ 'ਚ ਪਰਮਿਟਾਂ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ, ਜਦਕਿ ਪੰਜ ਹੋਰ ਇਮਾਮਾਂ ਨੂੰ ਵੀ ਪਰਮਿਟ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ। (ਪੀਟੀਆਈ)