ਇਕ ਸਿੱਖ ਦੀ ਪੱਗ ਵੇਖ ਕੇ ਸਿੱਖ ਬਣਿਆ ਲੈਥਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਮਾਇਕਾ ਵਿਚ ਜੰਮੇ ਅਤੇ ਹੁਣ ਅਮਰੀਕਾ ਵਿਖੇ ਫ਼ੇਅਰਫ਼ੈਕਸ ਵਰਜੀਨੀਆ ਵਿਖੇ ਸੈੱਟ ਹੋ ਚੁਕੇ ਸੇਵਾ ਮੁਕਤ ਇੰਜੀਨੀਅਰ 71 ਸਾਲਾ ਲੈਥਨ ਸੈਮੂਅਲ ਡੈਨਿਸ ਸਿੰਘ ਨੇ ਅਪਣੇ ...

Lathon Singh

ਜਮਾਇਕਾ ਵਿਚ ਜੰਮੇ ਅਤੇ ਹੁਣ ਅਮਰੀਕਾ ਵਿਖੇ ਫ਼ੇਅਰਫ਼ੈਕਸ ਵਰਜੀਨੀਆ ਵਿਖੇ ਸੈੱਟ ਹੋ ਚੁਕੇ ਸੇਵਾ ਮੁਕਤ ਇੰਜੀਨੀਅਰ 71 ਸਾਲਾ ਲੈਥਨ ਸੈਮੂਅਲ ਡੈਨਿਸ ਸਿੰਘ ਨੇ ਅਪਣੇ ਸਿੱਖੀ ਜੀਵਨ ਦੀ ਸ਼ੁਰੂਆਤ ਬੜੇ ਕਮਾਲ ਦੀ ਦਸੀ ਹੈ। ਜਦੋਂ ਇਹ 18 ਸਾਲਾਂ ਦੀ ਉਮਰ ਦਾ ਸੀ ਤਾਂ ਉਦੋਂ ਇਹ ਸਿੱਖ ਬਣਿਆ ਸੀ ਤੇ ਉਸ ਵੇਲੇ ਮਿਸ਼ੀਨਗਨ ਯੂਨੀਵਰਸਟੀ ਵਿਚ ਪੜ੍ਹਦਾ ਸੀ।

ਉਸ ਸਮੇਂ ਉਸ ਨੇ ਯੂਨੀਵਰਸਟੀ ਤੋਂ 200 ਕੁ ਮੀਟਰ ਦੂਰ ਇਕ ਬਹੁਤ ਹੀ ਸੁੰਦਰ ਲੰਬੇ ਦਸਤਾਰਧਾਰੀ ਸਿੱਖ ਨੂੰ ਵੇਖਿਆ ਸੀ। ਉਹ ਉਸ ਵੱਲ ਖਿਚਿਆ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਤੁਸੀਂ ਅਪਣੀ ਦਸਤਾਰ ਕਿਵੇਂ ਬੰਨ੍ਹਦੇ ਹੋ? ਇਸ ਤੋਂ ਪਹਿਲਾਂ ਉਸ ਨੇ ਸਿੱਖ ਨਹੀਂ ਸੀ ਵੇਖਿਆ। ਉਸ ਸਿੱਖ ਨੇ ਜ਼ਿਆਦਾ ਕੁੱਝ ਨਹੀਂ ਕਿਹਾ ਅਤੇ ਪਰ ਇਹ ਕਿਹਾ ਕਿ ਤੁਸੀਂ ਐਤਵਾਰ ਨੂੰ ਗੁਰਦੁਆਰਾ ਸਾਹਿਬ ਜਾਉ।

ਲੈਥਨ ਸਿੰਘ ਫਿਰ ਅਗਲੇ ਐਤਵਾਰ ਨੂੰ ਦਸੇ ਪਤੇ ਤੇ ਗੁਰਦੁਆਰਾ ਸਾਹਿਬ ਵਿਖੇ ਗਿਆ ਉਥੇ ਇਸ ਨੂੰ ਡਾ. ਨੌਨਿਹਾਲ ਸਿੰਘ ਨਾਂਅ ਦੇ ਵਿਅਕਤੀ ਮਿਲੇ ਜਿਨ੍ਹਾਂ ਨੇ ਉਸ ਨੂੰ ਸਿੱਖੀ ਬਾਰੇ ਜਾਣਕਾਰੀ ਦਿਤੀ। ਲਗਭਗ 2 ਮਹੀਨੇ ਇਹ ਲਗਾਤਾਰ ਗੁਰਦੁਆਰਾ ਸਾਹਿਬ ਜਾਂਦਾ ਰਿਹਾ, ਸਿੱਖੀ ਅਤੇ ਪੱਗ ਬਾਰੇ ਪੁਛਦਾ ਰਿਹਾ, ਪਰ ਇਸ ਨੇ ਡਰਦੇ ਨੇ ਪੱਗ ਨਹੀਂ ਸੀ ਮੰਗੀ।

ਇਹ ਸੋਚਦਾ ਸੀ ਕਿ ਸ਼ਾਇਦ ਉਹ ਮੇਰੀ ਪ੍ਰੀਖਿਆ ਲੈ ਰਹੇ ਸਨ ਕਿ ਮੈਂ ਪੱਗ ਲਈ ਸੱਚਾ ਸ਼ਰਧਾਵਾਨ ਹਾਂ ਕਿ ਨਹੀਂ। ਦੋ ਮਹੀਨੇ ਦੇ ਬਾਅਦ ਉਸ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਅਤੇ ਸਤਿਕਾਰ ਸਹਿਤ ਪੱਗ ਭੇਂਟ ਕੀਤੀ ਗਈ। ਉਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਇਸ ਨੂੰ ਪੱਗ ਬੰਨ੍ਹੀ ਗਈ ਅਤੇ ਕਿਹਾ ਗਿਆ ਕਿ ਤੁਸੀਂ ਬਹੁਤ ਸੋਹਣੇ ਲਗਦੇ ਹੋ।

Turban

ਘਰ ਜਾ ਕੇ ਲੈਥਨ ਸਿੰਘ ਨੇ ਮੁੜ ਸ਼ੀਸ਼ਾ ਵੇਖਿਆ ਇਹ ਮਹਿਸੂਸ ਕੀਤਾ ਕਿ ਜਿਵੇਂ ਮੇਰੇ ਸਿਰ ਉਤੇ ਤਾਜ ਰੱਖ ਦਿਤਾ ਗਿਆ ਹੋਵੇ। ਉਸ ਰਾਤ ਇਸ ਨੇ ਪੱਗ ਸਿਰ ਉਤੋਂ ਉਤਾਰੀ ਹੀ ਨਹੀਂ ਇਥੋਂ ਤਕ ਕਿ ਅਗਲੀਆਂ ਦੋ ਰਾਤਾਂ ਵੀ ਇਸ ਨੇ ਪੱਗ ਨਹੀਂ ਉਤਾਰੀ ਅਤੇ ਏਦਾਂ ਹੀ ਸੌਂਦਾ ਰਿਹਾ। ਤਿੰਨ ਦਿਨ ਬਾਅਦ ਜਦੋਂ ਦੁਬਾਰਾ ਪੱਗ ਉਤਾਰ  ਕੇ ਬੰਨ੍ਹਣ ਲੱਗਾ ਤਾਂ ਨਹੀਂ ਬੰਨ੍ਹ ਗਈ ਅਤੇ ਅਗਲੇ ਐਤਵਾਰ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਪਹੁੰਚ ਕੇ ਪੱਗ ਬੰਨ੍ਹਣੀ ਸਿੱਖਣ ਲੱਗਾ।

ਜਦੋਂ ਤੋਂ ਉਹ ਸਿੱਖ ਬਣਿਆ ਉਦੋਂ ਤੋਂ ਹੀ ਸਵੇਰੇ 4.30 ਵਜੇ ਉਠ ਕੇ ਇੰਗਲਿਸ਼ ਵਿਚ ਗੁਰਬਾਣੀ ਪੜ੍ਹਨ ਅਤੇ ਸੁਣਨ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ। ਜਪੁ ਜੀ ਸਾਹਿਬ ਬਾਰੇ ਜੋ ਤਜਰਬਾ ਉਸ ਨੇ ਦਸਿਆ ਉਹ ਸ਼ਾਇਦ ਬਹੁਤ ਹੀ ਘੱਟ ਜਗਿਆਸੂਆਂ ਨੂੰ ਹੋਵੇ।  ਜਪੁ ਜੀ ਸਾਹਿਬ ਵਿਚ ਸ਼ਾਮਲ ਪੰਜ ਖੰਡਾ ਬਾਰੇ ਬਹੁਤ ਹੀ ਭਰਪੂਰ ਜਾਣਕਾਰੀ ਉਨ੍ਹਾਂ ਕੋਲ ਸੀ ਜਿਹੜੀ ਕਿ ਉਨ੍ਹਾਂ ਮੇਰੇ ਨਾਲ ਸਾਂਝੀ ਕੀਤੀ।

ਜਦੋਂ ਵੀ ਸਿੱਖ ਰਾਜ ਦੀ ਸਥਾਪਨਾ ਦੀ ਆਵਾਜ਼ ਉਠਦੀ ਹੈ ਤਾਂ ਲੈਥਨ ਸਿੰਘ ਸਿੱਖੀ ਦਾ ਨਿਸ਼ਾਨ ਚੁਕੀ ਪੂਰੇ ਜਜ਼ਬੇ ਨਾਲ ਬਾਕੀ ਸੰਗਤ ਵਿਚ ਸ਼ਾਮਲ ਹੁੰਦਾ ਹੈ।
- ਹਰਜਿੰਦਰ ਸਿੰਘ ਬਸਿਆਲਾ, ਆਕਲੈਂਡ