ਜ਼ਾਕਿਰ ਨਾਇਕ ਨੇ ਮਲੇਸ਼ੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਵਾਦਤ ਇਸਲਾਮਿਕ ਧਰਮ ਗੁਰੂ ਜ਼ਾਕਿਰ ਨਾਇਕ ਨੇ ਸਨਿਚਰਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮੁਲਾਕਾਤ ਕੀਤੀ। ਮਹਾਤਿਰ ਮੁਹੰਮਦ ਨੇ....

Zakir Naik with Mahatir Mohammad

ਕੁਆਲਾਲੰਪੁਰ, ਵਿਵਾਦਤ ਇਸਲਾਮਿਕ ਧਰਮ ਗੁਰੂ ਜ਼ਾਕਿਰ ਨਾਇਕ ਨੇ ਸਨਿਚਰਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮੁਲਾਕਾਤ ਕੀਤੀ। ਮਹਾਤਿਰ ਮੁਹੰਮਦ ਨੇ ਸ਼ੁਕਰਵਾਰ ਨੂੰ ਭਾਰਤ ਸਰਕਾਰ ਦੀ ਹਵਾਲਗੀ ਦੀ ਮੰਗ ਨੂੰ ਠੁਕਰਾ ਦਿਤਾ ਸੀ। ਮਲੇਸ਼ੀਆ ਦੀ ਸੱਤਾਧਾਰੀ ਪਾਰਟੀ ਪੀ.ਪੀ.ਬੀ.ਐਮ. ਵਲੋਂ ਕਿਹਾ ਗਿਆ ਹੈ ਕਿ ਜ਼ਾਕਿਰ ਦੇ ਬਿਆਨਾਂ ਅਤੇ ਗਤੀਵਿਧੀਆਂ 'ਚ ਕੁੱਝ ਵੀ ਗ਼ਲਤ ਨਹੀਂ ਹੈ। ਜ਼ਾਕਿਰ 'ਤੇ ਅਤਿਵਾਦੀ ਗਤੀਵਿਧੀਆਂ ਅਤੇ ਨਫ਼ਰਤ ਫ਼ੈਲਾਉਣ ਵਾਲੇ ਬਿਆਨ ਦੇਣ ਦਾ ਦੋਸ਼ ਹੈ। ਉਹ ਕਾਫ਼ੀ ਸਮੇਂ ਤੋਂ ਮਲੇਸ਼ੀਆ 'ਚ ਹਨ।

ਨਿਊਜ਼ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਹਾਤਿਰ ਅਤੇ ਜ਼ਾਕਿਰ ਵਿਚਕਾਰ ਇਹ ਪਹਿਲੀ ਮੁਲਾਕਾਤ ਸੀ। ਦੋਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਦੋਹਾਂ ਵਿਚਕਾਰ ਕਿਹੜੇ ਮੁੱਦਿਆਂ 'ਤੇ ਗੱਲਬਾਤ ਹੋਈ, ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਇਸ ਮੁਲਾਕਾਤ ਤੋਂ ਇਹ ਜ਼ਰੂਰ ਸਪਸ਼ਟ ਹੋ ਗਿਆ ਹੈ ਕਿ ਫਿਲਹਾਲ ਮਲੇਸ਼ੀਆ ਦਾ ਇਰਾਦਾ ਨਾਇਕ ਨੂੰ ਭਾਰਤ ਭੇਜਣ ਦਾ ਨਹੀਂ ਹੈ।

Mahatir Mohammad

ਜ਼ਿਕਰਯੋਗ ਹੈ ਕਿ ਸਾਲ 2016 'ਚ ਬੰਗਲਾਦੇਸ਼ ਵਿਚ ਕੁੱਝ ਅਤਿਵਾਦੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਜ਼ਾਕਿਰ ਦੇ ਬਿਆਨਾਂ ਤੋਂ ਪ੍ਰੇਰਿਤ ਹੋ ਰਹੇ ਹਨ। ਇਸ ਤੋਂ ਬਾਅਦ ਭਾਰਤ 'ਚ ਜ਼ਾਕਿਰ ਵਿਰੁਧ ਜਾਂਚ ਸ਼ੁਰੂ ਹੋਈ ਸੀ। ਉਹ ਜੁਲਾਈ 2016 'ਚ ਭਾਰਤ ਛੱਡ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਜਨਵਰੀ 2018 'ਚ ਭਾਰਤ ਸਰਕਾਰ ਨੇ ਮਲੇਸ਼ੀਆ ਸਰਕਾਰ ਤੋਂ ਜ਼ਾਕਿਰ ਦੀ ਹਵਾਲਗੀ ਦੀ ਮੰਗ ਕੀਤੀ ਸੀ।

ਇਸ ਨੂੰ ਨਕਾਰਦਿਆਂ ਮਹਾਤਿਰ ਨੇ ਸ਼ੁਕਰਵਾਰ ਨੂੰ ਕਿਹਾ ਸੀ, ''ਜਦੋਂ ਤਕ ਜ਼ਾਕਿਰ ਕੋਈ ਪ੍ਰੇਸ਼ਾਨੀ ਨਹੀਂ ਖੜੀ ਕਰਦਾ, ਅਸੀ ਉਸ ਨੂੰ ਭਾਰਤ ਦੇ ਹਵਾਲੇ ਨਹੀਂ ਕਰਾਂਗੇ, ਕਿਉਂਕਿ ਅਸੀ ਉਸ ਨੂੰ ਇਥੇ ਸਥਾਈ ਰੂਪ 'ਚ ਰਹਿਣ ਦੀ ਮਨਜੂਰੀ ਦਿਤੀ ਹੈ।'' (ਏਜੰਸੀ)