ਪਾਕਿ ਦੇ ਸੱਭ ਤੋਂ ਭਾਰੇ ਵਿਅਕਤੀ ਦਾ ਦੇਹਾਂਤ, 330 ਕਿਲੋ ਸੀ ਭਾਰ
28 ਜੂਨ ਨੂੰ ਹੋਈ ਸੀ ਭਾਰ ਘਟਾਉਣ ਲਈ ਸਰਜਰੀ
ਲਾਹੌਰ, 8 ਜੁਲਾਈ : ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਦਾ ਇਥੋਂ ਦੇ ਇਕ ਹਸਪਤਾਲ ਵਿਤ ਦੇਹਾਂਤ ਹੋ ਗਿਆ। 330 ਸਾਲਾ ਇਸ ਵਿਅਕਤੀ ਨੂੰ ਹਸਪਤਾਲ ਵਿਚ ਸਟਾਫ਼ ਘੱਟ ਹੋਣ ਕਾਰਨ ਆਈਸੀਯੂ ਵਿਚ ਇਕੱਲਾ ਛੱਡ ਦਿਤਾ ਗਿਆ ਸੀ। ਜਾਣਕਾਰੀ ਮੁਤਾਬਕ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਦੇ ਰਹਿਣ ਵਾਲੇ 55 ਸਾਲਾ ਨੁਰੂਲ ਹਸਨ ਦੀ 28 ਜੂਨ ਨੂੰ ਭਾਰ ਘਟਾਉਣ ਲਈ ਸਰਜਰੀ ਕੀਤੀ ਗਈ ਸੀ।
ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ ਤੋਂ ਬਾਅਦ ਹਸਨ ਨੂੰ ਇਲਾਜ ਲਈ ਪਾਕਿਸਤਾਨੀ ਫ਼ੌਜ ਦੇ ਹੈਲੀਕਾਪਟਰ ਰਾਹੀਂ ਲਾਹੌਰ ਲਿਆਂਦਾ ਗਿਆ ਸੀ। ਸਰਜਰੀ ਤੋਂ ਬਾਅਦ ਉਸ ਨੂੰ ਆਈਸੀਯੂ ਵਿਚ ਰਖਿਆ ਗਿਆ ਸੀ। ਦਿਨ ਵਿਚ ਇਸ ਸ਼ਲਮਾਰ ਹਸਪਤਾਲ ਵਿਚ ਮਹਿਲਾ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿਤਾ ਜਿਸ ਕਾਰਨ ਆਈਸੀਯੂ ਵਿਚ ਕੋਈ ਮੁਲਾਜ਼ਮ ਨਾ ਹੋਣ ਕਾਰਨ ਹਸਨ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ।
ਰਿਪੋਰਟ ਵਿਚ ਹਸਪਤਾਲ ਦੇ ਡਾ. ਮਾਜੁਲ ਹਸਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਆਈਸੀਯੂ ਵਿਚ ਸਟਾਫ਼ ਨਾ ਹੋਣ ਕਾਰਨ ਹਸਨ ਅਤੇ ਦੂਜੇ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਹਿਲਾ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੀਆਂ ਖਿੜਕੀਆਂ ਤੋੜ ਦਿਤੀਆਂ, ਵੈਂਟੀਲੇਟਰ ਬੰਦ ਕਰ ਦਿਤੇ ਅਤੇ ਡਾਕਟਰਾਂ 'ਤੇ ਹਮਲਾ ਕੀਤਾ ਅਤੇ ਇਸ ਹੰਗਾਮੇ ਦੌਰਾਨ ਆਈਸੀਯੂ ਦੇ ਮੁਲਾਜ਼ਮ ਉਥੋਂ ਚਲੇ ਗਏ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹਸਨ ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਸਨ ਪਰ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।