ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਰਾਜਨੀਤੀਕਰਨ ਕੀਤਾ ਗਿਆ : ਅਧਿਕਾਰੀ
ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ’ਚ ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਕਾਫੀ ਰਾਜਨੀਤੀਕਰਨ
ਵਾਸ਼ਿੰਗਟਨ, 8 ਜੁਲਾਈ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ’ਚ ਹਾਈਡਰੋਕਸੀਕਲੋਰੋਕਵੀਨ ਦੀ ਵਰਤੋਂ ਦਾ ਅਮਰੀਕਾ ’ਚ ਕਾਫੀ ਰਾਜਨੀਤੀਕਰਨ ਕੀਤਾ ਗਿਆ, ਪਰ ਭਾਰਤ ’ਚ ਇਸ ਦਾ ਵੱਡੇ ਪੱਧਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੀਤੀ ਗਈ ਖੋਜ ਨਾਲ ਇਹ ਪਤਾ ਲਗਦਾ ਹੈ ਕਿ ਮਲੇਰੀਆ ਦੇ ਇਲਾਜ ’ਚ ਵਰਤੀ ਜਾਂਦੀ ਇਹ ਦਵਾਈ ਕੋਵਿਡ 19 ਦੇ ਸ਼ੁਰੂਆਤੀ ਇਲਾਜ ’ਚ ਸਫ਼ਲ ਰਹੀ ਹੈ।
ਵਾਇਟ ਹਾਊਸ ਵਪਾਰ ਅਤੇ ਨਿਰਮਾਣ ਨੀਤੀ ਦੇ ਡਾਇਰੈਕਟਰ ਪੀਟਰ ਨਵਾਰੋ ਨੇ ਕਿਹਾ, ‘‘ਇਹ ਮੁੱਖ ਮੀਡੀਆ ਅਤੇ ਮੈਡੀਕਲ ਭਾਈਚਾਰੇ ਦੇ ਇਕ ਧੜੇ ਵਲੋਂ ਦਵਾਈ ਦਾ ਰਾਜਨੀਤੀਕਰਨ ਹੈ ਜਿਸ ਨੇ ਇਕ ਤਰ੍ਹਾਂ ਨਾਲ ਇਸ ਨੂੰ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਵਿਚਾਲੇ ਇਕ ਜੰਗ ਬਣਾ ਦਿਤੀ ਹੈ ਅਤੇ ਇਸ ਦਵਾਈ ਨੂੰ ਲੈ ਕੇ ਨਕਲੀ ਡਰ ਪੈਦਾ ਕਰ ਦਿਤਾ ਹੈ। ਉਨ੍ਹਾਂ ਨੇ ਕਿਹਾ, ‘‘ਇਹ ਸੋਚਨਾ ਕਿ ਇਹ ਦਵਾਈ ਖ਼ਤਰਨਾਕ ਹੈ, ਇਹ ਬੇਵਕੂਫ਼ੀ ਭਰਿਆ ਹੈ ਪਰ ਜੇਕਰ ਇਸ ਦੀ ਮੀਡੀਆ ਕਵਰੇਜ ਦੇ ਆਧਾਰ ’ਤੇ ਅਮਰੀਕੀ ਲੋਕਾਂ ਤੋਂ ਪੁਛਾਂਗੇ ਤਾਂ ਮੌਜੂਦਾ ਸਥਿਤੀ ਇਹ ਹੀ ਹੈ।’’ (ਪੀਟੀਆਈ)