ਸੀਰੀਆ ਨੇ ‘ਫ਼ਰਜ਼ੀ ਖ਼ਬਰਾਂ’ ਫੈਲਾਉਣ ਦਾ ਦੋਸ਼ ਲਾ ਕੇ ਬੀ.ਬੀ.ਸੀ. ਦੀ ਮੀਡੀਆ ਮਾਨਤਾ ਰੱਦ ਕੀਤੀ
ਅਸੀਂ ਅਰਬੀ ਭਾਸ਼ੀ ਦਰਸ਼ਕਾਂ ਨੂੰ ਨਿਰਪੱਖ ਖ਼ਬਰਾਂ ਅਤੇ ਜਾਣਕਾਰੀ ਦਿੰਦੇ ਰਹਾਂਗੇ : ਬੀ.ਬੀ.ਸੀ.
ਬੈਰੂਤ: ਸੀਰੀਆ ਦੇ ਸੂਚਨਾ ਮੰਤਰਾਲੇ ਨੇ ਇਕ ਵੱਡਾ ਫੈਸਲਾ ਕਰਦਿਆਂ ਦੇਸ਼ ’ਚ ਕਵਰੇਜ ਨੂੰ ਲੈ ਕੇ ਪੱਖਪਾਤੀ ਰਵਈਆ ਅਪਨਾਉਣ ਅਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਦੋਸ਼ ਲਾਉਂਦਿਆਂ ਬੀ.ਬੀ.ਸੀ. ਦੀ ਮੀਡੀਆ ਮਾਨਤਾ ਰੱਦ ਕਰ ਦਿਤੀ ਹੈ।
ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.)-ਅਰਬੀ ਨੇ ਸੀਰੀਆ ’ਚ ਨਸ਼ੀਲੇ ਪਦਾਰਥਾਂ ਦੇ ਨਾਜਾਇਜ਼ ਵਪਾਰ ਨੂੰ ਲੈ ਕੇ ਪਿੱਛੇ ਜਿਹੇ ਇਕ ਖੋਜੀ ਦਸਤਾਵੇਜ਼ੀ ਫ਼ਿਲਮ ਜਾਰੀ ਕੀਤੀ ਸੀ, ਜਿਸ ’ਚ ਅੰਦਾਜ਼ਨ ਤੌਰ ’ਤੇ ਅਰਬਾਂ ਡਾਲਰ ਦੇ ਇਸ ਕਾਰੋਬਾਰ ਅਤੇ ਸੀਰੀਆ ਸਰਕਾਰ ਤੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਪ੍ਰਵਾਰ ਵਿਚਕਾਰ ਸਬੰਧਾਂ ਨੂੰ ਉਜਾਗਰ ਕੀਤਾ ਗਿਆ ਸੀ।
ਸੀਰੀਆ ਦੇ ਸੂਚਨਾ ਮੰਤਰਾਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਚੈਨਲ ਨੂੰ ਦੋ ਵਾਰੀ ਚੇਤਾਵਨੀ ਦਿਤੀ ਗਈ ਸੀ ਕਿ ਉਸ ਨੇ ਅਤਿਵਾਦੀ ਜਥੇਬੰਦੀਆਂ ਅਤੇ ਸੀਰੀਆ ਦੇ ਦੁਸ਼ਮਣਾਂ ਦੇ ਬਿਆਨਾਂ ਅਤੇ ਗਵਾਹੀਆਂ ਦੇ ਆਧਾਰ ’ਤੇ ਭਰਮਾਊ ਖ਼ਬਰਾਂ ਨਸ਼ਰ ਕੀਤੀਆਂ ਹਨ।
ਸੀਰੀਆ ਨੇ ਦੇਸ਼ ’ਚ ਬੀ.ਬੀ.ਸੀ. ਰੇਡੀਓ, ਟੀ.ਵੀ. ਅਤੇ ਵੀਡੀਓਗ੍ਰਾਫ਼ੀ ਦੇ ਲਾਇਸੈਂਸ ਰੱਦ ਕਰ ਦਿਤੇ ਹਨ। ਬੀ.ਬੀ.ਸੀ. ਨੇ ਇਕ ਖ਼ਬਰ ਏਜੰਸੀ ਨੂੰ ਕੀਤੀ ਈ-ਮੇਲ ’ਚ ਕਿਹਾ, ‘‘ਅਸੀਂ ਤੱਥਾਂ ਨੂੰ ਸਥਾਪਤ ਕਰਨ ਲਈ ਵੱਖੋ-ਵੱਖ ਸਿਆਸੀ ਸਮੂਹਾਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ।’’
ਬੀ.ਬੀ.ਸੀ. ਨੇ ਕਿਹਾ ਕਿ ਉਹ ‘ਨਿਰਪੱਖ ਅਤੇ ਆਜ਼ਾਦ ਪੱਤਰਕਾਰਿਤਾ ਕਰਦਾ ਹੈ।’ ਬਿਆਨ ’ਚ ਕਿਹਾ ਗਿਆ ਹੈ, ‘‘ਅਸੀਂ ਅਰਬੀ ਭਾਸ਼ੀ ਦਰਸ਼ਕਾਂ ਨੂੰ ਨਿਰਪੱਖ ਖ਼ਬਰਾਂ ਅਤੇ ਜਾਣਕਾਰੀ ਦਿੰਦੇ ਰਹਾਂਗੇ।’