Bangladesh News: ਭਾਰਤ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 100 ਤੋਂ ਵੱਧ ਬੰਗਲਾਦੇਸ਼ੀ ਬੀਐਸਐਫ਼ ਨੇ ਰੋਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

Bangladesh News: ਅਧਿਕਾਰੀਆਂ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ ’ਚ ਢਾਕਾ ਵਿਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਦੇ ਬਾਅਦ ਤੋਂ ਹੀ ਸੁਰੱਖਿਆ ਫੋਰਸ ‘ਹਾਈ ਅਲਰਟ’ ’ਤੇ ਹੈ।

More than 100 Bangladeshis trying to enter India were stopped by BSF

 

Bangladesh News: ਸਰਹੱਦੀ ਸੁਰੱਖਿਆ ਫੋਰਸ (ਬੀ.ਐਸ.ਐਫ਼.) ਨੇ ਗੁਆਂਢੀ ਦੇਸ਼ ਵਿਚ ਅਸ਼ਾਂਤੀ ਦੇ ਕਾਰਨ ਜਾਰੀ ‘ਹਾਈ ਅਲਰਟ’ ਦਰਮਿਆਨ ਪਛਮੀ ਬੰਗਾਲ ’ਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਤੋਂ ਬੰਗਲਾਦੇਸ਼ੀਆਂ ਦੇ ਇਕ ਵੱਡੇ ਸਮੂਹ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿਤਾ। ਬੀਐਸਐਫ਼ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਬੀਐਸਐਫ਼ ਨੇ ਕਰੀਬ 120-140 ਬੰਗਲਾਦੇਸ਼ੀ ਨਾਗਰਿਕਾਂ ਦੇ ਇਕ ਸਮੂਹ ਨੂੰ ਰੋਕਿਆ, ਜੋ ਪਛਮੀ ਬੰਗਾਲ ’ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਅਧਿਕਾਰੀਆਂ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ ’ਚ ਢਾਕਾ ਵਿਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਦੇ ਬਾਅਦ ਤੋਂ ਹੀ ਸੁਰੱਖਿਆ ਫੋਰਸ ‘ਹਾਈ ਅਲਰਟ’ ’ਤੇ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਦਾਰਜੀਲਿੰਗ ਦੇ ਕਦਮਤਲਾ ’ਚ ਸਥਿਤ ਬੀ.ਐਸ.ਐਫ਼. ਦੇ ਹੈੱਡ ਕੁਆਰਟਰ ਦੇ ਅਧਿਕਾਰ ਖੇਤਰ ਵਿਚ 2 ਥਾਵਾਂ ’ਤੇ ਦਿਨ ’ਚ ਵਾਪਰੀ।

ਉਨ੍ਹਾਂ ਦਸਿਆ ਕਿ ਬੀ.ਐਸ.ਐਫ਼. ਦੇ ਫ਼ੀਲਡ ਕਮਾਂਡਰਾਂ ਨੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੇ ਅਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਅਤੇ ਔਰਤਾਂ ਤੇ ਬੱਚਿਆਂ ਨਾਲ ਆਏ 120-140 ਲੋਕਾਂ ਦੇ ਇਸ ਸਮੂਹ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸਰਹੱਦ ’ਤੇ ਸਥਿਤੀ ਕੰਟਰੋਲ ਵਿਚ ਹੈ। ਬੀ.ਐਸ.ਐਫ਼. ਪਛਮੀ ਬੰਗਾਲ ਦੇ ਉੱਤਰ ਦਿਨਾਜਪੁਰ, ਦਾਰਜੀਲਿੰਗ, ਜਲਪਾਈਗੁੜੀ ਅਤੇ ਕੂਚਬਿਹਾਰ ਜ਼ਿਲ੍ਹਿਆਂ ਸਮੇਤ ਕੁੱਲ 4,096 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੇ 932.39 ਕਿਲੋਮੀਟਰ ਹਿੱਸੇ ਦੀ ਰਖਿਆ ਕਰਦੀ ਹੈ।