Bangladesh News : ਬੰਗਲਾਦੇਸ਼ 'ਚ ਖੂਨ ਖਰਾਬੇ ਪਿੱਛੇ ਪਾਕਿਸਤਾਨੀ ISI ਦਾ ਹੱਥ, ਸ਼ੇਖ ਹਸੀਨਾ ਦੇ ਬੇਟੇ ਦਾ ਵੱਡਾ ਦਾਅਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਜੇਦ ਨੇ ਕਿਹਾ, ਸਾਡੇ ਕੋਲ ਬਹੁਤ ਸਾਰੇ ਸਬੂਤ ਹਨ

Sheikh Hasina Son Sajeeb Wazed Joy

Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਜੀਬ ਵਾਜੇਦ ਜੋਏ ਨੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਬੰਗਲਾਦੇਸ਼ ਵਿਚ ਤਣਾਅ ਅਤੇ ਹਿੰਸਾ ਲਈ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਸਾ ਅਤੇ ਸਿਆਸੀ ਉਥਲ -ਪੁਥਲ 'ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਹੈ। ਪੀਟੀਆਈ ਨਾਲ ਗੱਲ ਕਰਦਿਆਂ ਵਾਜੇਦ ਨੇ ਕਿਹਾ, ਸਾਡੇ ਕੋਲ ਬਹੁਤ ਸਾਰੇ ਸਬੂਤ ਹਨ। ਸਾਨੂੰ ਸ਼ੱਕ ਹੈ ਕਿ ਇਸ ਪੂਰੀ ਘਟਨਾ ਵਿੱਚ ਪਾਕਿਸਤਾਨ ਦੀ ਆਈਐਸਆਈ ਦਾ ਹੱਥ ਸੀ।

ਉਨ੍ਹਾਂ ਕਿਹਾ ਕਿ ਹਮਲੇ ਅਤੇ ਅੰਦੋਲਨ ਦੋਵਾਂ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਵੀ ਖ਼ੂਬ ਚਿਗਾਰੀ ਭੜਕਾਈ ਗਈ। ਵਾਜੇਦ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਉਹ ਸਥਿਤੀ ਨੂੰ ਬਦਤਰ ਕਰਦੇ ਚਲੇ ਗਏ।  ਸਾਜੀਬ ਵਾਜੇਦ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਥਿਆਰਾਂ ਨਾਲ ਪ੍ਰਦਰਸ਼ਨਕਾਰੀ ਪੁਲਿਸ 'ਤੇ ਹਮਲਾ ਕਰ ਰਹੇ ਸਨ, ਉਹ ਵਿਦੇਸ਼ੀ ਤਾਕਤਾਂ ਜਾਂ ਅੱਤਵਾਦੀ ਸੰਗਠਨ ਹੀ ਮੁਹੱਈਆ ਕਰਵਾ ਸਕਦੇ ਸਨ।

ਕੀ ਸ਼ੇਖ ਹਸੀਨਾ ਬੰਗਲਾਦੇਸ਼ ਵਾਪਸ ਜਾਏਗੀ?

ਢਾਕਾ ਤੋਂ ਫਰਾਰ ਹੋਣ ਤੋਂ ਬਾਅਦ ਸ਼ੇਖ ਹਸੀਨਾ ਸਿੱਧਾ ਭਾਰਤ ਪਹੁੰਚੀ ਸੀ। ਜੋਏ ਨੇ ਦਾਅਵਾ ਕੀਤਾ ਹੈ ਕਿ ਲੋਕਤੰਤਰ ਬਹਾਲ ਹੋਣ ਤੋਂ ਬਾਅਦ ਸ਼ੇਖ ਹਸੀਨਾ ਬੰਗਲਾਦੇਸ਼ ਪਰਤ ਆਵੇਗੀ। ਹਾਲਾਂਕਿ ਇਹ ਤੈਅ ਨਹੀਂ ਹੋਇਆ ਹੈ ਕਿ ਉਹ ਰਾਜਨੀਤੀ 'ਚ ਸਰਗਰਮ ਰਹੇਗੀ ਜਾਂ ਸੰਨਿਆਸ ਲੈ ਲਵੇਗੀ। ਉਨ੍ਹਾਂ ਕਿਹਾ ਕਿ ਸ਼ੇਖ ਮੁਜੀਬ ਦੇ ਪਰਿਵਾਰਕ ਮੈਂਬਰ ਬੰਗਲਾਦੇਸ਼ ਦੇ ਲੋਕਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਣਗੇ। ਓਥੇ ਹੀ ਪਾਰਟੀ ਨੂੰ ਵੀ ਲਿਵਾਰਿਸ ਨਹੀਂ ਛੱਡਿਆ ਜਾਵੇਗਾ।

ਜੋਏ ਨੇ ਆਪਣੀ ਮਾਂ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕੌਮਾਂਤਰੀ ਪੱਧਰ ’ਤੇ ਬੰਗਲਾਦੇਸ਼ ਵਿੱਚ ਜਮਹੂਰੀਅਤ ਬਹਾਲ ਕਰਨ ਦੀ ਵਕਾਲਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਵਾਮੀ ਲੀਗ ਅਤੇ ਭਾਰਤ ਦੀ ਸਦਾਬਹਾਰ ਦੋਸਤੀ ਹੈ। ਇਸ ਲਈ ਭਾਰਤ ਨੂੰ ਅਵਾਮੀ ਲੀਗ ਦੇ ਆਗੂਆਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਕਿਹਾ ਕਿ ਬੰਗਲਾਦੇਸ਼ ਅਫਗਾਨਿਸਤਾਨ ਬਣਨ ਦੇ ਰਾਹ 'ਤੇ ਹੈ। ਅਜਿਹੀ ਸਥਿਤੀ ਵਿੱਚ ਕਾਨੂੰਨ ਵਿਵਸਥਾ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ।