ਮਾਨਚੈਸਟਰ 'ਚ ਸਿੱਖ ਪ੍ਰਚਾਰਕ 'ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
ਪ੍ਰਚਾਰਕ 23 ਜੂਨ 2022 ਨੂੰ ਸ਼ਾਮ 6.30 ਵਜੇ ਟਿਬੇ ਸਟਰੀਟ 'ਤੇ ਬੇਹੋਸ਼ ਪਾਇਆ ਗਿਆ ਸੀ
ਮਾਨਚੈਸਟਰ- ਯੂਕੇ ਦੇ ਮਾਨਚੈਸਟਰ ਵਿਚ ਪਿਛਲੇ ਮਹੀਨੇ ਇੱਕ ਸਿੱਖ ਪ੍ਰਚਾਰਕ ਉੱਤੇ ਹਮਲਾ ਕਰਨ ਤੋਂ ਬਾਅਦ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ 'ਚ 62 ਸਾਲਾ ਪੀੜਤ ਪ੍ਰਚਾਰਕ ਦੇ ਦਿਮਾਗ 'ਤੇ ਗੰਭੀਰ ਸੱਟ ਲੱਗੀ ਸੀ। ਇਹ ਜਾਣਕਾਰੀ ਵੀਰਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ।
ਇਕ ਮੀਡੀਆ ਰਿਪੋਰਟਾਂ ਅਨੁਸਾਰ ਮਾਨਚੈਸਟਰ ਸਿਟੀ ਸੈਂਟਰ ਵਿਚ ਇੱਕ ਸਿੱਖ ਪ੍ਰਚਾਰਕ ਉੱਤੇ ਹੋਏ ਹਮਲੇ ਦੇ ਸਬੰਧ ਵਿਚ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਪੁਲਿਸ ਨੇ ਇੱਕ ਸਿੱਖ ਪ੍ਰਚਾਰਕ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ।
ਪੀੜਤ ਪਰਿਵਾਰ ਨੇ ਦੱਸਿਆ ਕਿ ਪੁਜਾਰੀ ਨੂੰ ਕਾਫ਼ੀ ਗੰਭੀਰ ਸੱਟਾਂ ਦਿੱਤੀਆਂ ਗਈਆਂ ਹਨ। ਪ੍ਰਚਾਰਕ 23 ਜੂਨ 2022 ਨੂੰ ਸ਼ਾਮ 6.30 ਵਜੇ ਟਿਬੇ ਸਟਰੀਟ 'ਤੇ ਬੇਹੋਸ਼ ਪਾਇਆ ਗਿਆ ਸੀ। ਸੂਚਨਾ ਤੋਂ ਬਾਅਦ ਉਸ ਨੂੰ ਨਾਰਥ ਵੈਸਟ ਐਂਬੂਲੈਂਸ ਸਰਵਿਸ ਨੇ ਹਸਪਤਾਲ ਪਹੁੰਚਾਇਆ। ਸੀਸੀਟੀਵੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਿਲਟਨ ਸਟਰੀਟ ਜੰਕਸ਼ਨ ਨੇੜੇ ਕਿਸੇ ਅਣਪਛਾਤੇ ਵਿਅਕਤੀ ਨੇ ਪੀੜਤ 'ਤੇ ਹਮਲਾ ਕੀਤਾ ਸੀ। ਜਦੋਂ ਖੂਨ ਨਾਲ ਲੱਥਪੱਥ ਪ੍ਰਚਾਰਕ ਬੇਹੋਸ਼ ਹੋ ਗਿਆ ਤਾਂ ਦੋਸ਼ੀ ਓਲਡਹੈਮ ਸਟਰੀਟ ਵੱਲ ਖੱਬੇ ਪਾਸੇ ਮੁੜਨ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ।
ਲੌਂਗਸਾਈਟ ਸੀਆਈਡੀ ਦੇ ਡਿਟੈਕਟਿਵ ਇੰਸਪੈਕਟਰ ਮਾਰਕ ਐਸਟਬਰੀ ਨੇ ਕਿਹਾ ਕਿ ਅਸੀਂ ਪਰਿਵਾਰ ਦੀ ਇਜਾਜ਼ਤ ਨਾਲ ਸੀਸੀਟੀਵੀ ਫੁਟੇਜ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਹਫ਼ਤੇ ਪੀੜਤ ਪਰਿਵਾਰ ਨੇ ਕਿਹਾ ਸੀ ਕਿ ਹਮਲੇ ਕਾਰਨ ਪ੍ਰਚਾਰਕ ਦਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ। ਹੁਣ ਉਸ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ ਹੈ।