ਨੇਪਾਲ ’ਚ ਸੰਕਟ ਹੋਰ ਡੂੰਘਾ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜ਼ਿੰਦਾ ਸਾੜਿਆ

The crisis in Nepal deepens

ਕਾਠਮੰਡੂ : ਨੇਪਾਲ ਵਿਚ ਮੰਗਲਵਾਰ ਨੂੰ ਸਿਆਸੀ ਸੰਕਟ ਹੋਰ ਗੰਭੀਰ ਹੋ ਗਿਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅਪਣੇ ਵਿਰੁੱਧ ਪੁਲਿਸ ਕਾਰਵਾਈ ’ਚ 19 ਲੋਕਾਂ ਦੀ ਮੌਤ ਤੋਂ ਇਕ ਦਿਨ ਬਾਅਦ ਕਈ ਸੀਨੀਅਰ ਲੀਡਰਾਂ ਦੀਆਂ ਨਿਜੀ ਰਿਹਾਇਸ਼ਾਂ, ਸਿਆਸੀ ਪਾਰਟੀਆਂ ਦੇ ਹੈੱਡਕੁਆਰਟਰ ਅਤੇ ਸੰਸਦ ਤੱਕ ਨੂੰ ਨਿਸ਼ਾਨਾ ਬਣਾਇਆ। ਅੱਗਜ਼ਨੀ ਵਿਚ ਇੱਕ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦੀ ਸੜ ਜਾਣ ਕਾਰਨ ਮੌਤ ਹੋ ਗਈ।

ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨ ਸੋਸ਼ਲ ਮੀਡੀਆ ਉਤੇ ਪਾਬੰਦੀ ਅਤੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨਾ ਕਰਨ ਸਮੇਤ ਕਈ ਮੁੱਦਿਆਂ ਉੱਤੇ ਓਲੀ ਸਰਕਾਰ ਨਾਲ ਵੱਧ ਰਹੇ ਲੋਕਾਂ ਦੇ ਗੁੱਸੇ ਨੂੰ ਦਰਸਾਉਂਦੇ ਪ੍ਰਤੀਤ ਹੁੰਦੇ ਹਨ।  ਪ੍ਰਦਰਸ਼ਨਕਾਰੀਆਂ ਨੇ ਕਰਫਿਊ ਅਤੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਦੀ ਵੀ ਪ੍ਰਵਾਹ ਨਾ ਕਰਦਿਆਂ ਅੱਗਜ਼ਨੀ ਕੀਤੀ ਅਤੇ ਵੱਖ-ਵੱਖ ਪ੍ਰਮੁੱਖ ਇਮਾਰਤਾਂ ਅਤੇ ਅਦਾਰਿਆਂ ਉਤੇ  ਹਮਲਾ ਕਰ ਦਿੱਤਾ। ਓਲੀ ਦੇ ਅਸਤੀਫੇ ਤੋਂ ਕੁੱਝ ਘੰਟੇ ਪਹਿਲਾਂ, ਪ੍ਰਦਰਸ਼ਨਕਾਰੀਆਂ ਨੇ ਬਾਲਕੋਟ ਵਿਚ ਨੇਪਾਲੀ ਨੇਤਾ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ, ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ, ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ, ਸਾਬਕਾ ਗ੍ਰਹਿ ਮੰਤਰੀ ਰਮੇਸ਼ ਲੇਖਕ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀਆਂ ਜਾਇਦਾਦਾਂ ਉਤੇ  ਹਮਲਾ ਕੀਤਾ। ਸਾਬਕਾ ਪ੍ਰਧਾਨ ਮੰਤਰੀ ਝਾਲਾਨਾਥ ਖਨਾਲ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਜਿਸ ਵਿਚ ਉਨ੍ਹਾਂ ਦੀ ਪਤਨੀ ਰਾਜਲਕਸ਼ਮੀ ਚਿੱਤਰਕਾਰ ਦੀ ਸੜਨ ਕਾਰਨ ਮੌਤ ਹੋ ਗਈ।

ਸੋਸ਼ਲ ਮੀਡੀਆ ਸਾਈਟਾਂ ਉੱਤੇ ਸਰਕਾਰ ਦੀ ਪਾਬੰਦੀ ਦੇ ਵਿਰੋਧ ਵਿਚ ਸੋਮਵਾਰ ਨੂੰ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਤੀਬਰਤਾ ਮੰਗਲਵਾਰ ਨੂੰ ਵਧੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਸਰਕਾਰ ਵਿਰੋਧੀ ਮਾਰਚ ਕੱਢੇ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਉੱਤੇ ਉਡਾਣ ਸੇਵਾਵਾਂ ਨੂੰ ਅੰਸ਼ਕ ਤੌਰ ਉੱਤੇ ਮੁਅੱਤਲ ਕਰ ਦਿਤਾ ਗਿਆ ਹੈ। ਸਥਿਤੀ ਤੇਜ਼ੀ ਨਾਲ ਵਿਗੜਨ ਦੇ ਨਾਲ, ਨੇਪਾਲੀ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਚੋਟੀ ਦੇ ਅਧਿਕਾਰੀਆਂ ਨੇ ਇਕ ਸਾਂਝੀ ਅਪੀਲ ਜਾਰੀ ਕੀਤੀ ਜਿਸ ਵਿਚ ਗੱਲਬਾਤ ਰਾਹੀਂ ਸੰਜਮ ਅਤੇ ਸੰਕਟ ਦੇ ਹੱਲ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਦਾ ਅਸਤੀਫਾ ਰਾਸ਼ਟਰਪਤੀ ਪਹਿਲਾਂ ਹੀ ਪ੍ਰਵਾਨ ਕਰ ਚੁਕੇ ਹਨ, ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੰਜਮ ਵਰਤਣ ਅਤੇ ਇਸ ਮੁਸ਼ਕਲ ਸਥਿਤੀ ਵਿਚ ਜਾਨ-ਮਾਲ ਦੇ ਹੋਰ ਨੁਕਸਾਨ ਦੀ ਇਜਾਜ਼ਤ ਨਾ ਦੇਣ।’’

ਉਨ੍ਹਾਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਗੱਲਬਾਤ ਰਾਹੀਂ ਸ਼ਾਂਤੀਪੂਰਨ ਹੱਲ ਹੀ ਵਿਵਸਥਾ ਅਤੇ ਸਥਿਰਤਾ ਬਹਾਲ ਕਰਨ ਦਾ ਇਕੋ-ਇਕ ਤਰੀਕਾ ਹੈ। ਇਸ ਬਿਆਨ ਉਤੇ ਨੇਪਾਲ ਦੀ ਫੌਜ ਮੁਖੀ ਅਸ਼ੋਕ ਰਾਜ ਸਿਗਦੇਲ, ਮੁੱਖ ਸਕੱਤਰ ਏਕ ਨਾਰਾਇਣ ਆਰੀਆਲ, ਗ੍ਰਹਿ ਸਕੱਤਰ ਗੋਕਰਨ ਦਵਾਦੀ, ਆਰਮਡ ਪੁਲਿਸ ਫੋਰਸ (ਏ.ਪੀ.ਐਫ.) ਦੇ ਮੁਖੀ ਰਾਜੂ ਆਰਿਆਲ, ਪੁਲਿਸ ਇੰਸਪੈਕਟਰ ਜਨਰਲ ਚੰਦਰ ਕੁਬੇਰ ਖਾਪੁੰਗ ਅਤੇ ਕੌਮੀ ਜਾਂਚ ਵਿਭਾਗ ਦੇ ਮੁਖੀ ਹੁਤਰਾਜ ਥਾਪਾ ਨੇ ਦਸਤਖਤ ਕੀਤੇ। ਓਲੀ ਨੇ ਸੋਮਵਾਰ ਨੂੰ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਅਤੇ ਵਿਆਪਕ ਭ੍ਰਿਸ਼ਟਾਚਾਰ ਵਿਰੁਧ  ਕਥਿਤ ਤੌਰ ਉਤੇ  ‘ਕਾਰਵਾਈ ਨਾ ਕਰਨ’ ਲਈ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਦਫ਼ਤਰ ਵਿਚ ਦਾਖਲ ਹੋਣ ਤੋਂ ਤੁਰਤ  ਬਾਅਦ ਅਸਤੀਫਾ ਦੇ ਦਿੱਤਾ।