ਪਾਕਿਸਤਾਨ 'ਚ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾਨਕਸ਼ਾਹੀ ਕੈਲੰਡਰ ੨੦੦੩ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜਾ ਮਨਾਇਆ ਗਿਆ

photo

 

ਲਾਹੌਰ: ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਗੁਰਦੁਆਰਾ ਸਾਹਿਬ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਜਾਇਆ ਗਿਆ ਸੀ। ਇਸ ਮੌਕੇ ਸ਼ਰਧਾਲੂਆਂ ਨੇ ਮਨ ਦੀ ਸ਼ਾਂਤੀ ਲਈ ਗੁਰੂ ਘਰ 'ਚ ਅਰਦਾਸ ਕੀਤੀ ਅਤੇ ਸੰਗਤਾਂ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗਾ ਦੱਸ ਰਹੀਆਂ ਸਨ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ: ਜਨਮ ਅਸਥਾਨ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਵਿਖੇ ੭ ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ। ਜਿਸ ਦੇ ਭੋਗ ਅੱਜ ੯ ਅਕਤੂਬਰ ਨੂੰ ਪਾਏ ਗਏ। ਨਨਕਾਣਾ ਸਾਹਿਬ, ਪਿਸ਼ਾਵਰ, ਹਸਨ ਅਬਦਾਲ ਤੋਂ ਇਲਾਵਾ ਸਿੰਧ ਦੇ ਬਹੁਤ ਸਾਰੇ ਸ਼ਹਿਰਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਕੀਰਤਨੀ ਜੱਥਿਆ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ। ਸਮਾਗਮ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਅਤੇ ਔਕਾਫ਼ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਵੀ ਸੰਬੋਧਨ ਕੀਤਾ।

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਸੰਗਤਾਂ ਸਾਹਮਣੇ ਆਪਣੇ ਵੀਚਾਰ ਰੱਖੇ। ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਪਾਕਿਸਤਾਨ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ੳਨ੍ਹਾਂ ਕਿਹਾ ਕਿ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਅਸੀਂ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ ਇਹ ਪ੍ਰਧਾਨਗੀ ਦੀ ਪੋਸਟ ਆਉਣ ਜਾਣ ਵਾਲੀ ਚੀਜ਼ ਹੈ ਸਾਡਾ ਅਸਲ ਮਕਸਦ ਪਾਕਿਸਤਾਨ ਦੀ ਸਿਖ ਸੰਗਤ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਖਾਲਸਾ ਪੰਥ ਨੂੰ ਬੇਨਤੀ ਕੀਤੀ ਕਿ ਅੱਜ ਸਾਰੀ ਸਿੱਖ ਕੌਮ ਨੂੰ ਇਕ ਮੁੱਠ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਸਿੱਖੀ ਸਿਧਾਂਤਾਂ ਨੂੰ ਸਾਹਮਣੇ ਰੱਖਦੇ ਹੋਏ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੀਵਨ ਬਿਤੀਤ ਕਰ ਸਕੀਏ।

ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਇਵੈਕੂਏਟ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਵਧੀਕ ਸਕੱਤਰ ਧਾਰਮਿਕ ਸਥਾਨ ਰਾਣਾ ਸ਼ਾਹਿਦ ਸਲੀਮ ਨੂੰ ਸਨਮਾਨਤ ਕੀਤਾ ਗਿਆ। ਰਾਣਾ ਸ਼ਾਹਿਦ ਸਲੀਮ ਜੀ ਵੱਲੋਂ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿਤੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਬਾਣੀ ਤੋਂ ਪ੍ਰੇਰਣਾ ਲੈ ਕੇ ਜੀਵਨ ਜੀਉਣ ਦੀ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਅਸੀਂ ਸੰਗਤਾਂ ਦੀ ਸਹੂਲਤ ਲਈ ਨਵੀਆਂ ਸਰਾਵਾਂ ਅਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਡਿਸਪੈਂਨਸਰੀ (ਮਿੰਨੀ ਹਸਪਤਾਲ) ਵੀ ਬਣਾ ਰਹੇ ਹਾਂ। 

ਦੱਸਣਯੋਗ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕਮ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ੨੦੦੩ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਏ ਜਾਂਦੇ ਹਨ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪਾਕਿਸਤਾਨੀ ਸਿੱਖ ਆਗੂਆਂ ਨੇ ਆਏ ਸਿੱਖ ਸ਼ਰਧਾਲੂਆਂ ਤੇ ਅਹਿਮ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਗੁਰੂ ਰਾਮਦਾਸ ਜੀ ਸਿੱਖ ਸੇਵਕ ਜੱਥਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।