Khawaja Asif Pakistan News: ਭਾਰਤ ਨਾਲ ਹੋ ਸਕਦੀ ਹੈ ਜੰਗ- ਪਾਕਿ ਰਖਿਆ ਮੰਤਰੀ ਆਸਿਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਕਰ ਜੰਗ ਹੁੰਦੀ ਹੈ, ਤਾਂ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰਾਂਗੇ।'

War with India possible Khawaja Asif Pakistan News

 War with India possible Khawaja Asif Pakistan News: ਪਾਕਿਸਤਾਨ ਦੇ ਰਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਚੇਤਾਵਨੀ ਦਿਤੀ ਹੈ ਕਿ ਭਾਰਤ ਨਾਲ ਜੰਗ ਦੀ ਸੰਭਾਵਨਾ ਸੱਚ ਹੈ ਅਤੇ ਦਾਅਵਾ ਕੀਤਾ ਕਿ ਭਵਿੱਖ ਵਿਚ ਕਿਸੇ ਵੀ ਹਥਿਆਰਬੰਦ ਟਕਰਾਅ ਦੀ ਸਥਿਤੀ ਵਿਚ ਉਨ੍ਹਾਂ ਦਾ ਦੇਸ਼ ਹੋਰ ਵੀ ਵੱਡੀ ਸਫ਼ਲਤਾ ਪ੍ਰਾਪਤ ਕਰੇਗਾ। ਆਸਿਫ਼ ਨੇ ਇਹ ਟਿੱਪਣੀ ‘ਸਮਾਂ ਟੀਵੀ’ ਨਾਲ ਇਕ ਇੰਟਰਵਿਊ ਵਿਚ ਕੀਤੀ ਜਦੋਂ ਐਂਕਰ ਨੇ ਉਨ੍ਹਾਂ ਨੂੰ ਭਾਰਤੀ ਸਿਆਸਤਦਾਨਾਂ ਅਤੇ ਉੱਚ ਫ਼ੌਜੀ ਅਧਿਕਾਰੀਆਂ ਦੇ ਹਾਲੀਆ ਬਿਆਨਾਂ ਬਾਰੇ ਪੁੱਛਿਆ। ਮੰਤਰੀ ਨੇ ਕਿਹਾ ਕਿ ਹਥਿਆਰਬੰਦ ਟਕਰਾਅ ਦਾ ਖ਼ਤਰਾ ਹੈ ਤੇ ਪਾਕਿਸਤਾਨ ਸੁਚੇਤ ਹੈ ਅਤੇ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ, ਆਸਿਫ ਨੇ ਕਿਹਾ,‘‘ਭਾਰਤ ਨਾਲ ਜੰਗ ਹੋ ਸਕਦੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨਾਲ ਜੰਗ ਦੀ ਸਥਿਤੀ ਵਿਚ ਪਾਕਿਸਤਾਨ ਨੂੰ ਵਧੇਰੇ ਢੁਕਵੇਂ ਨਤੀਜੇ ਮਿਲਣ ਦੀ ਸੰਭਾਵਨਾ ਹੈ।

ਪਾਕਿਸਤਾਨ ਦੇ ਰਖਿਆ ਮੰਤਰੀ ਨੇ ਕਿਹਾ ਕਿ ਬਿਹਾਰ ਚੋਣਾਂ ਕਾਰਨ ਭਾਰਤ ਭੜਕਾਊ ਕਾਰਵਾਈਆਂ ਕਰ ਰਿਹਾ ਹੈ। ਖ਼ਵਾਜਾ ਆਸਿਫ਼ ਨੇ ਕਿਹਾ ਕਿ ਮਈ ਵਿਚ ਭਾਰਤ ਵਿਰੁਧ ਪਾਕਿਸਤਾਨ ਦੀ ਫ਼ੌਜੀ ਕਾਰਵਾਈ ਨੇ ਮੋਦੀ ਦੀ ਪ੍ਰਸਿੱਧੀ ਘਟਾ ਦਿਤਾ ਹੈ। ਮੋਦੀ ਦੇ ਸਮਰਥਕ ਵੀ ਹੁਣ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਆਸਿਫ਼ ਨੇ ਦਾਅਵਾ ਕੀਤਾ ਕਿ ਟਕਰਾਅ ਦੌਰਾਨ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿਤਾ ਗਿਆ ਸੀ। ਆਸਿਫ ਨੇ ਕਿਹਾ,‘‘ਮੈਂ ਤਣਾਅ ਵਧਾਉਣਾ ਨਹੀਂ ਚਾਹੁੰਦਾ, ਪਰ ਜੋਖ਼ਮ ਅਸਲੀ ਹਨ ਅਤੇ ਮੈਂ ਉਨ੍ਹਾਂ ਤੋਂ ਇਨਕਾਰ ਨਹੀਂ ਕਰ ਰਿਹਾ ਹਾਂ। ਜੇਕਰ ਜੰਗ ਹੁੰਦੀ ਹੈ, ਤਾਂ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਨਾਲੋਂ ਬਿਹਤਰ ਨਤੀਜੇ ਪ੍ਰਾਪਤ ਕਰਾਂਗੇ।’’ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਕੋਲ ਹੁਣ ਛੇ ਮਹੀਨੇ ਪਹਿਲਾਂ ਨਾਲੋਂ ਜ਼ਿਆਦਾ ਸਮਰਥਕ ਅਤੇ ਸਹਿਯੋਗੀ ਹਨ, ਜਦੋਂ ਕਿ ਭਾਰਤ ਨੇ ਉਨ੍ਹਾਂ ਦੇਸ਼ਾਂ ਦਾ ਸਮਰਥਨ ਵੀ ਗੁਆ ਦਿਤਾ ਹੈ ਜਿਨ੍ਹਾਂ ਨੇ ਮਈ ਦੇ ਸੰਘਰਸ਼ ਤੋਂ ਪਹਿਲਾਂ ਉਸ ਦਾ ਸਮਰਥਨ ਕੀਤਾ ਸੀ। ਹਾਲਾਂਕਿ, ਆਸਿਫ ਨੇ ਇਸ ਸ਼੍ਰੇਣੀ ਵਿਚ ਕਿਸੇ ਵੀ ਦੇਸ਼ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ।  ਆਸਿਫ਼ ਨੇ ਇਹ ਵੀ ਦਾਅਵਾ ਕੀਤਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨਕਾਲ ਨੂੰ ਛੱਡ ਕੇ ਭਾਰਤ ਕਦੇ ਵੀ ਇਕਜੁਟ ਰਾਸ਼ਟਰ ਨਹੀਂ ਸੀ ਅਤੇ ਪਾਕਿਸਤਾਨ ਅੱਲ੍ਹਾ ਦੇ ਨਾਮ ’ਤੇ ਬਣਾਇਆ ਗਿਆ ਸੀ ਅਤੇ ਮਈ ਦੇ ਸੰਘਰਸ਼ ਦੌਰਾਨ ਕਈ ਅੰਦਰੂਨੀ ਮੁੱਦਿਆਂ ਦੇ ਬਾਵਜੂਦ ਇਕਜੁਟ ਰਿਹਾ। ਉਨ੍ਹਾਂ ਕਿਹਾ,‘‘ਘਰ ਵਿਚ, ਅਸੀਂ ਬਹਿਸ ਕਰਦੇ ਹਾਂ ਅਤੇ ਮੁਕਾਬਲਾ ਕਰਦੇ ਹਾਂ ਪਰ ਜਦੋਂ ਅਸੀਂ ਭਾਰਤ ਨਾਲ ਲੜਦੇ ਹਾਂ ਤਾਂ ਅਸੀਂ ਇਕਜੁਟ ਹੁੰਦੇ ਹਾਂ।’’ ਭਾਰਤੀ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਹਾਲ ਹੀ ਵਿਚ ਪਾਕਿਸਤਾਨ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਉਹ ਦੁਨੀਆ ਦੇ ਨਕਸ਼ੇ ’ਤੇ ਬਣੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਅਤਿਵਾਦ ਦਾ ਸਮਰਥਨ ਕਰਨਾ ਬੰਦ ਕਰਨਾ ਪਵੇਗਾ। ਇਸ ਤੋਂ ਇਲਾਵਾ, ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਹਮਲਿਆਂ ਵਿਚ ਅਮਰੀਕੀ ਐਫ-16 ਜੈੱਟਾਂ ਸਮੇਤ ਘੱਟੋ-ਘੱਟ ਇਕ ਦਰਜਨ ਪਾਕਿਸਤਾਨੀ ਫ਼ੌਜੀ ਜਹਾਜ਼ ਤਬਾਹ ਹੋ ਗਏ ਜਾਂ ਨੁਕਸਾਨੇ ਗਏ। ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿਚ, ਭਾਰਤ ਨੇ 7 ਮਈ ਨੂੰ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ, ਜਿਸ ਵਿਚ ਪਾਕਿਸਤਾਨ ਵਿਚ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। (ਏਜੰਸੀ)