ਟਰੰਪ ਉਤੇ ਜੋ. ਬਾਈਡਨ ਨੂੰ ਸੱਤਾ ਹਵਾਲਗੀ ਲਈ ਦਬਾਅ ਵਧਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਈਡਨ ਨੇ ਸਰਕਾਰ ਬਨਾਉਣ ਲਈ ਕਦਮ ਚੁਕਣੇ ਸ਼ੁਰੂ ਕੀਤੇ

image

ਵਿਲਮਿੰਗਟਨ (ਅਮਰੀਕਾ), 9 ਨਵੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਨਵਰੀ ਵਿਚ ਨਵੇਂ ਪ੍ਰਸ਼ਾਸਨ ਦੇ ਦਫ਼ਤਰ ਸੰਭਾਲਣ 'ਤੇ ਸੱਤਾ ਦੀ ਸਹਿਜ ਤਰੀਕੇ ਨਾਲ ਹਵਾਲਗੀ ਯਕੀਨੀ ਕਰਨ ਲਈ ਦੇਸ਼ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਦੀ ਟੀਮ ਨਾਲ ਸਹਿਯੋਗ ਕਰਨ ਦਾ ਦਬਾਅ ਵੱਧ ਰਿਹਾ ਹੈ। 'ਜਨਰਲ ਸਰਵਿਸਿਜ਼ ਐਡਮਿਨੀਸਟ੍ਰੇਟਰ' (ਜੀ.ਐਸ.ਏ) 'ਤੇ ਬਾਈਡਨ ਨੂੰ ਚੁਣੇ ਗਏ ਰਾਸ਼ਟਰਪਤੀ ਦੇ ਰੂਪ ਵਿਚ ਰਸਮੀ ਰੂਪ ਨਾਲ ਮਾਨਤਾ ਦੇਣ ਦੀ ਜ਼ਿੰਮੇਵਾਰੀ ਹੈ। ਏਜੰਸੀ ਦੀ ਪ੍ਰਸ਼ਾਸਕ ਏਮਿਲੀ ਮਰਫ਼ੀ ਨੇ ਹਾਲੇ ਤਕ ਇਹ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ ਅਤੇ ਨਾ ਹੀ ਇਹ ਦਸਿਆ ਹੈ ਕਿ ਉਹ ਕਦੋਂ ਅਜਿਹਾ ਕਰੇਗੀ। ਏਮਿਲੀ ਦੀ ਨਿਯੁਕਤੀ ਟਰੰਪ ਨੇ ਹੀ ਕੀਤੀ ਸੀ।


 ਇਸ ਮਾਮਲੇ ਵਿਚ ਸਪੱਸ਼ਟਤਾ ਨਹੀਂ ਹੋਣ ਕਾਰਨ ਪ੍ਰਸ਼ਨ ਖੜੇ ਹੋਣ ਲੱਗੇ ਹਨ ਕਿ ਹਾਲੇ ਤਕ ਹਾਰ ਨਾ ਮੰਨਣ ਵਾਲੇ ਅਤੇ ਚੋਣਾਂ ਵਿਚ ਖ਼ਾਮੀਆਂ ਦਾ ਦੋਸ਼ ਲਗਾਉਣ ਵਾਲੇ ਟਰੰਪ ਸਰਕਾਰ ਬਨਾਉਣ ਦੀ ਡੈਮੋਕ੍ਰੇਟਿਕ ਪਾਰਟੀ ਦੀ ਕੋਸ਼ਿਸ਼ ਵਿਚ ਅੜਿੱਕਾ ਪਾ ਸਕਦੇ ਹਨ। ਬਾਈਡਨ ਦੇ ਸੱਤਾ ਹਵਾਲਗੀ ਸਹਿਯੋਗੀ ਜੇਨ ਪਸਾਕੀ ਨੇ ਐਤਵਾਰ ਕਿਹਾ,''ਅਮਰੀਕਾ ਦੀ ਰਾਸ਼ਟਰਤੀ ਸੁਰੱਖਿਆ ਅਤੇ ਉਸ ਦੇ ਆਰਥਕ ਹਿਤ ਇਸ ਗਲ 'ਤੇ ਨਿਰਭਰ ਕਰਦੇ ਹਨ ਕਿ ਸੰਘੀ ਸਰਕਾਰ ਇਹ ਸਪੱਸ਼ਟ ਅਤੇ ਤੁਰਤ ਸੰਕੇਤ ਦੇਵੇ ਕਿ ਉਹ ਅਮਰੀਕੀ ਲੋਕਾਂ ਦੀ ਇੱਛਾ ਦਾ ਸਨਮਾਨ ਕਰੇਗੀ ਅਤੇ ਸੱਤਾ ਦੀ ਸ਼ਾਂਤੀਪੂਰਨ ਅਤੇ ਸਹਿਜ ਤਰੀਕੇ ਨਾਲ ਹਵਾਲਗੀ ਵਿਚ ਸਹਿਯੋਗ ਕਰੇਗੀ।''

image


 'ਸੈਂਟਰ ਫ਼ਾਰ ਪ੍ਰੈਜ਼ੀਡੇਂਸ਼ਿਅਲ ਟਰਾਂਜਿਸ਼ਨ' ਸਲਾਹਕਾਰ ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਸਖ਼ਤ ਮਿਹਨਤ ਨਾਲ ਲੜਿਆ ਗਈ ਚੋਣ ਸੀ ਪਰ ਇਤਿਹਾਸ ਅਜਿਹੇ ਰਾਸ਼ਟਰਪਤੀਆਂ ਦੇ ਉਦਾਹਰਣ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਚੋਣ ਨਤੀਜਿਆਂ ਤੋਂ ਬਾਅਦ ਅਪਣੇ ਵਾਰਸਾਂ ਦੀ ਇਜ਼ੱਤ ਨਾਲ ਮਦਦ ਕੀਤੀ। ਇਸ ਬਿਆਨ 'ਤੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਦਫ਼ਤਰ ਵਿਚ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਰਹੇ ਜੋਸ਼ ਬੋਲਟਨ ਅਤੇ ਸਿਹਤ ਮੰਤਰੀ ਰਹੇ ਮਾਈਕਲ ਲਿਵਿਟ, ਸਾਬਕਾ ਰਾਸ਼ਟਰਪਤੀ ਬਿਲ ਕਲਿੰਗਟਨ ਦੇ ਦਫ਼ਤਰ ਵਿਚ ਵ੍ਹਾਈਟ ਹਾਊਸ ਵਿਚ ਚੀਫ਼ ਆਫ਼ ਸਟਾਫ਼ ਰਹੇ ਥਾਮਸ ਮੈਕ ਮੈਕਲਾਰਟੀ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਦਫ਼ਤਰ ਵਿਚ ਮੰਤਰੀ ਰਹੇ ਪੇਨੀ ਪ੍ਰਿਤਜਕਰ ਨੇ ਹਸਤਾਖ਼ਰ ਕੀਤੇ।
 ਇਸ ਵਿਚਾਲੇ ਬਾਈਡਨ ਨੇ ਸਰਕਾਰ ਬਨਾਉਣ ਲਈ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ ਅਤੇ ਕੋਵਿਡ-19 ਨਾਲ ਨਜਿੱਠਣ ਲਈ ਟੀਮ ਤਿਆਰ ਕਰਨੀ ਸ਼ੁਰੂ ਕਰ ਦਿਤੀ ਹੈ ਪਰ ਜੀਐਸਏ ਦੇ ਰਸਮੀ ਐਲਾਨ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕਦੀ। (ਪੀਟੀਆਈ)



ਗ਼ੈਰ-ਕਾਨੂੰਨੀ ਵੋਟਾਂ ਨੂੰ ਨਹੀਂ ਗਿਣਨਾ ਚਾਹੀਦਾ : ਮੇਨਾਲੀਆ ਟਰੰਪ

image



ਵਾਸ਼ਿੰਗਟਨ, 9 ਨਵੰਬਰ : ਡੋਨਾਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਦੇ ਬਾਅਦ ਪਹਿਲੀ ਵਾਰ ਮੇਲਾਨੀਆ ਟਰੰਪ ਨੇ ਅਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਚੋਣਾਂ ਵਿਚ ਘਪਲਾ ਹੋਇਆ ਹੈ। ਮੇਲਾਨੀਆ ਨੇ ਕਿਹਾ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਵੋਟਾਂ ਨੂੰ ਨਹੀਂ ਗਿਣਨਾ ਚਾਹੀਦਾ। ਹਾਲਾਂਕਿ, ਟਰੰਪ ਨਾਲ ਤਲਾਕ ਦੀਆਂ ਅਟਕਲਾਂ ਲਈ ਉਨ੍ਹਾਂ ਨੇ ਅਜੇ ਕੁਝ ਨਹੀਂ ਕਿਹਾ। ਮੇਲਾਨੀਆ ਨੇ ਟਵੀਟ ਕੀਤਾ ਕਿ ਅਮਰੀਕੀ ਲੋਕ ਨਿਰਪੱਖ ਚੋਣਾਂ ਦੇ ਲਾਇਕ ਹਨ। ਹਰ ਕਾਨੂੰਨੀ ਵੋਟ ਨੂੰ ਗਿਣਿਆ ਜਾਣਾ ਚਾਹੀਦਾ ਹੈ। ਸਾਨੂੰ ਪੂਰੀ ਪਾਰਦਰਸ਼ਤਾ ਨਾਲ ਅਪਣੇ ਲੋਕਤੰਤਰ ਦੀ ਰਖਿਆ ਕਰਨੀ ਚਾਹੀਦੀ ਹੈ।
ਟਰੰਪ ਵੀ ਵੋਟਾਂ ਦੀ ਗਿਣਤੀ ਵਿਚ ਗੜਬੜ ਹੋਣ ਦਾ ਦੋਸ਼ ਲਗਾ ਰਹੇ ਹਨ।