"ਜਦੋਂ ਤੱਕ ਜਿੱਤ ਨਹੀਂ ਜਾਂਦੇ, ਆਪਣੇ ਕੋਲ ਰੱਖੋ" - ਸੀਨ ਪੇਨ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੂੰ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਸੀਨ ਦੀ ਇਹ ਤੀਜੀ ਯੂਕਰੇਨ ਫ਼ੇਰੀ ਸੀ।

photo

 

ਹਾਲੀਵੁੱਡ ਅਭਿਨੇਤਾ-ਨਿਰਦੇਸ਼ਕ ਸੀਨ ਪੇਨ ਨੇ ਜੰਗ ਨਾਲ ਜੂਝ ਰਹੇ ਯੂਕਰੇਨ ਨਾਲ ਏਕੇ ਦਾ ਪ੍ਰਗਟਾਵਾ ਕਰਦੇ ਹੋਏ, ਆਪਣੇ ਦੋ ਆਸਕਰਾਂ ਵਿੱਚੋਂ ਇੱਕ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੂੰ ਤੋਹਫ਼ੇ ਵਜੋਂ ਦਿੱਤਾ, ਅਤੇ ਕਿਹਾ ਕਿ ਜੇਕਰ ਉਸ ਦੇ ਅਵਾਰਡ ਦੇ ਉੱਥੇ ਰਹਿਣ ਨਾਲ ਉਹ ਲੜਾਈ 'ਚ 'ਬਿਹਤਰ ਤੇ ਮਜ਼ਬੂਤ' ਮਹਿਸੂਸ ਕਰਨਗੇ।

ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਸੀਨ ਦੀ ਇਹ ਤੀਜੀ ਯੂਕਰੇਨ ਫ਼ੇਰੀ ਸੀ। ਸੀਨ ਨੇ ਜ਼ੇਲੇਨਸਕੀ ਨੂੰ ਇਹ ਅਵਾਰਡ ਯੁੱਧ ਦੇ ਅੰਤ ਤੱਕ ਕੋਲ ਰੱਖਣ ਲਈ ਕਿਹਾ ਅਤੇ ਯੂਕਰੇਨ ਦੀ ਜਿੱਤ ਦੀ ਉਮੀਦ ਜਤਾਈ। 

ਜ਼ੇਲੇਨਸਕੀ ਦੇ ਦਫ਼ਤਰ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਪੇਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਇਹ ਤੁਹਾਡੇ ਲਈ ਹੈ। ਹੋ ਸਕਦਾ ਹੈ ਕਿ ਇਹ ਹਾਸੋਹੀਣਾ ਲੱਗੇ, ਪਰ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੇ ਕੋਲ ਹੋਵੇਗਾ ਤਾਂ ਜੰਗ ਲਈ ਮੈਂ ਬਿਹਤਰ ਅਤੇ ਮਜ਼ਬੂਤ ​​ਮਹਿਸੂਸ ਕਰਾਂਗਾ।" 

ਜਦ ਕਿ ਜ਼ੇਲੇਨਸਕੀ ਨੇ ਸੀਨ ਨੂੰ ਮਨੋਰੰਜਨ ਦੇ ਖੇਤਰ ਵਿੱਚ ਦਿੱਤੇ ਗਏ ਇਸ ਵੱਕਾਰੀ ਅਵਾਰਡ ਨੂੰ ਪਰਵਾਨ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ, "ਇਹ ਤੁਹਾਡਾ ਹੈ।" ਅਮਰੀਕੀ ਸਟਾਰ ਦੀ ਇਸ ਨਿਵੇਕਲੀ ਹੱਲਾਸ਼ੇਰੀ ਤੋਂ ਪ੍ਰੇਰਿਤ ਹੋਏ ਜ਼ੇਲੇਨਸਕੀ ਨੇ ਆਸਕਰ ਟਰਾਫ਼ੀ ਵੱਲ੍ਹ ਦੇਖਦੇ ਹੋਏ ਕਿਹਾ, "ਇਹ ਬਹੁਤ ਵਧੀਆ ਹੈ! ਮੇਰੇ ਲਈ ਸਨਮਾਨ ਵਾਲੀ ਗੱਲ ਹੈ। ਸਾਨੂੰ ਜਿੱਤਣਾ ਪਵੇਗਾ”

"ਜਦੋਂ ਤੁਸੀਂ ਜਿੱਤ ਜਾਓਗੇ, ਤਾਂ ਇਸ ਨੂੰ ਮਾਲੀਬੂ ਵਿੱਚ ਵਾਪਸ ਲੈ ਕੇ ਆਇਓ" ਪੇਨ ਨੇ ਜਵਾਬ 'ਚ ਕਿਹਾ।  ਬਦਲੇ ਵਿੱਚ, ਦੁਨੀਆ ਵਿੱਚ ਯੂਕਰੇਨ ਦਾ ਸਮਰਥਨ ਵਧਾਉਣ ਅਤੇ ਪ੍ਰਸਿੱਧੀ ਲਈ ਜ਼ੇਲੇਨਸਕੀ ਨੇ ਸੀਨ ਨੂੰ ਦੁਆਰਾ ਆਰਡਰ ਆਫ਼ ਮੈਰਿਟ, III ਡਿਗਰੀ ਨਾਲ ਸਨਮਾਨਿਤ ਕੀਤਾ।