America Shutdown News: ਸ਼ਟਡਾਊਨ ਨੇ ਅਮਰੀਕੀ ਉਡਾਣ ਕੀਤੀ ਸ਼ਟਅਪ, ਅਮਰੀਕੀ ਹਵਾਈ ਅੱਡਿਆਂ 'ਤੇ 5 ਹਜ਼ਾਰ ਤੋਂ ਵੱਧ ਉਡਾਣਾਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

America Shutdown News: ਅਮਰੀਕਾ ਵਿਚ ਸ਼ਟਡਾਊਨ ਹੋਇਆਂ 38 ਦਿਨ ਹੋ ਗਏ ਹਨ

More than 5,000 flights canceled at US airports

ਵਾਸ਼ਿੰਗਟਨ : ਅਮਰੀਕਾ ਵਿਚ ਸ਼ਟਡਾਊਨ ਹੋਇਆਂ 38 ਦਿਨ ਹੋ ਗਏ ਹਨ। ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 35 ਦਿਨ ਸਰਕਾਰੀ ਸ਼ਟਡਾਊਨ ਰਿਹਾ ਸੀ। ਸ਼ਟਡਾਊਨ ਕਾਰਨ ਜਾਂ ਤਾਂ ਸਟਾਫ਼ ਨੂੰ ਘਰ ਭੇਜ ਦਿਤਾ ਗਿਆ ਹੈ ਜਾਂ ਕਰਮਚਾਰੀ ਬਿਨਾਂ ਤਨਖ਼ਾਹ ਤੋਂ ਕੰਮ ਕਰ ਰਹੇ ਹਨ।

ਇਸ ਨਾਲ 4.2 ਕਰੋੜ ਦੇ ਕਰੀਬ ਲੋਕਾਂ ਦੀ ਫੂਡ ਸਟੈਂਪ ਸਹਾਇਤਾ ਰੁਕ ਗਈ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਹਵਾਈ ਯਾਤਰਾ ’ਤੇ ਪੈ ਰਿਹਾ ਹੈ। ਇਥੇ ਸ਼ੁੱਕਰਵਾਰ ਨੂੰ 5000 ਤੋਂ ਵੱਧ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਹਨ। ਦਰਅਸਲ, ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ (ਐਫ.ਏ.ਏ.) ਨੇ 40 ਵੱਡੇ ਹਵਾਈ ਅੱਡਿਆਂ ’ਤੇ ਉਡਾਣਾਂ ਵਿਚ ਕਟੌਤੀ ਦਾ ਐਲਾਨ ਕੀਤਾ ਸੀ। ਇਸ ਵਿਚ ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਦੇ ਵੱਡੇ ਹਵਾਈ ਅੱਡੇ ਸ਼ਾਮਲ ਹਨ। ਕੁੱਲ 40 ਵਿਚੋਂ ਜ਼ਿਆਦਾਤਰ ਦੇਸ਼ ਦੇ ਸੱਭ ਤੋਂ ਵੱਧ ਆਵਾਜਾਈ ਵਾਲੇ ਹਨ। ਇਸ ਨਾਲ ਥੈਂਕਸ ਗਿਵਿੰਗ ਵੀਕ ਦੀਆਂ ਛੁੱਟੀਆਂ ਤੋਂ ਪਹਿਲਾਂ ਯਾਤਰਾ ਕਰਨ ਵਾਲੇ ਲੋਕਾਂ ਦੀ ਚਿੰਤਾ ਵੱਧ ਗਈ ਹੈ। ਰਿਪੋਰਟਾਂ ਅਨੁਸਾਰ ਕਈ ਵੱਡੇ ਹਵਾਈ ਅੱਡੇ ਪਹਿਲਾਂ ਹੀ ਉਡਾਣਾਂ ਰੱਦ ਕਰ ਚੁੱਕੇ ਹਨ। ਇਸ ਵਿਚ ਘਰੇਲੂ ਅਤੇ ਮੁੱਖ ਉਡਾਣਾਂ ਸ਼ਾਮਲ ਹਨ। ਹਾਲਾਂਕਿ ਕੌਮਾਂਤਰੀ ਉਡਾਣਾਂ ਇਸ ਤੋਂ ਬਚੀਆਂ ਹੋਈਆਂ ਹਨ। ਐਫ.ਏ.ਏ. ਮੁਤਾਬਕ ਇਹ ਕਦਮ ਏਅਰ ਟਰੈਫ਼ਿਕ ਕੰਟਰੋਲਰ ਦੀ ਕਮੀ ਕਾਰਨ ਚੁੱਕਿਆ ਗਿਆ ਹੈ।

ਇਹ ਕੰਟਰੋਲਰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਿਨਾਂ ਤਨਖ਼ਾਹ ਦੇ ਕੰਮ ਕਰ ਰਹੇ ਹਨ। ਆਉਂਦੇ ਦਿਨਾਂ ਵਿਚ ਇਹ ਕਟੌਤੀ ਹੌਲੀ ਹੌਲੀ ਹੋਰ ਵਧੇਗੀ। ਸੱਭ ਤੋਂ ਜ਼ਿਆਦਾ ਅਸਰ ਘਰੇਲੂ ਉਡਾਣਾਂ ’ਤੇ ਪਵੇਗਾ। ਮਾਹਰਾਂ ਮੁਤਾਬਕ ਰੋਜ਼ 1800 ਉਡਾਣਾਂ ਰੱਦ ਹੋ ਸਕਦੀਆਂ ਹਨ। ਇਸ ਨਾਲ ਲਗਭਗ ਪੌਣੇ ਤਿੰਨ ਲੱਖ ਲੋਕਾਂ ਦੇ ਕੰਮ-ਕਾਜ ’ਤੇ ਅਸਰ ਪਵੇਗਾ। ਡੈਲਟਾ ਏਅਰ ਲਾਈਨਜ਼ ਨੇ ਸ਼ੁੱਕਰਵਾਰ ਨੂੰ ਹੀ 170 ਉਡਾਣਾਂ ਰੱਦ ਕੀਤੀਆਂ ਸਨ। ਅਮਰੀਕੀ ਏਅਰਲਾਈਨ ਨੇ 220 ਉਡਾਣਾਂ ਅਤੇ ਯੂਨਾਇਟਿਡ ਏਅਰਲਾਈਨਜ਼ ਨੇ 200 ਉਡਾਣਾਂ ਰੱਦ ਕੀਤੀਆਂ।

ਸਾਉਥਵੈਸਟ ਏਅਰਲਾਈਨਜ਼ ਨੇ 100 ਉਡਾਣਾਂ ਰੱਦ ਕੀਤੀਆਂ। ਏਅਰਲਾਈਨਜ਼ ਫਾਰ ਅਮਰੀਕਾ ਨੇ ਕਿਹਾ ਕਿ ਉਹ ਸਰਕਾਰ ਨਾਲ ਮਿਲ ਕੇ ਯਾਤਰੀਆਂ ਦੀ ਪ੍ਰੇਸ਼ਾਨੀ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਫ.ਏ.ਏ। ਨੇ ਕਿਹਾ ਕਿ ਏਅਰਲਾਈਨਜ਼ ਖ਼ੁਦ ਤੈਅ ਕਰੇਨਗੀਆਂ ਕਿ ਕਿਹੜੀ ਉਡਾਣ ਰੱਦ ਕਰਨੀ ਹੈ। ਇਸੇ ਦੌਰਾਨ ਫਰੰਟੀਅਰ ਸਮੇਤ ਕਈ ਵੱਡੀਆਂ ਏਅਰਲਾਈਨਜ਼ ਨੇ ਅਗਲੇ 10 ਦਿਨਾਂ ਅੰਦਰ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਡਵਾਇਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਦੀ ਸਲਾਹ ਹੈ ਕਿ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਬੈਕਅਪ ਇੰਤਜ਼ਾਮ ਜ਼ਰੂਰ ਕਰ ਲਿਆ ਜਾਵੇ।