ਪਾਕਿਸਤਾਨ 'ਚ ਆਮ ਲੋਕਾਂ ਲਈ ਖੁਲ੍ਹੇ ਰਾਸ਼ਟਰਪਤੀ ਭਵਨ ਦੇ ਦਰਵਾਜ਼ੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਛਾਣ ਪੱਤਰ ਦਿਖਾਉਣ ਤੋਂ ਬਾਅਦ ਆਮ ਲੋਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਭਵਨ ਵਿਚ ਦਾਖਲੇ ਦੀ ਆਗਿਆ ਦਿਤੀ ਗਈ ਹੈ।

President House Pakistan

ਇਸਲਾਮਾਬਾਦ, ( ਭਾਸ਼ਾ) :   ਪਾਕਿਸਤਾਨ ਸਰਕਾਰ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਵਾਲੇ ਸ਼ਾਨਦਾਰ ਰਾਸ਼ਟਰਪਤੀ ਭਵਨ ਨੂੰ ਆਮ ਜਨਤਾ ਲਈ ਖੋਲ੍ਹ ਦਿਤਾ ਹੈ। ਰਾਸ਼ਟਰਪਤੀ ਭਵਨ ਦਾ ਅਧਿਕਾਰਕ ਨਾਮ ਏਵਾਨ-ਏ-ਸਦਰ ਹੈ। ਇਹ ਰਾਜਧਾਨੀ ਦੇ ਸੁਰੱਖਿਅਤ ਰੈਡ ਜ਼ੋਨ ਦੇ ਸਵਿੰਧਾਨਕ ਏਵੇਨਿਊ ਵਿਖੇ ਮਾਰਗੱਲਾ ਹਿਲਸ 'ਤੇ ਬਣਿਆ ਹੋਇਆ ਹੈ। ਰਾਸ਼ਟਰਪਤੀ ਭਵਨ ਆਧੁਨਿਕ ਪਿਰਾਮਿਡ ਵਾਸਤੂਕਲਾ ਦੀ ਸ਼ਾਨਦਾਰ ਸ਼ੈਲੀ ਨੂੰ ਦਰਸਾਉਂਦਾ ਹੈ। ਇਸ ਦੇ ਇਕ ਪਾਸੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਹੈ ਅਤੇ ਦੂਜੇ ਪਾਸੇ ਸੰਸਦ ਭਵਨ ਹੈ।

ਰਾਸ਼ਟਰਪਤੀ ਭਵਨ ਦੇ ਬੁਲਾਰੇ ਤਾਹਿਰ ਖ਼ੁਸ਼ਨੂਦ ਨੇ ਕਿਹਾ ਕਿ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਆਮ ਲੋਕਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਭਵਨ ਵਿਚ ਦਾਖਲੇ ਦੀ ਆਗਿਆ ਦਿਤੀ ਗਈ ਹੈ। ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਨੇ ਚੋਣਾਂ ਦੌਰਾਨ ਸੱਤਾ ਵਿਚ ਆਉਣ 'ਤੇ ਦੇਸ਼ ਦੀਆਂ ਮੁਖ ਇਮਾਰਤਾਂ ਨੂੰ ਆਮ ਲੋਕਾਂ ਦੇ ਲਈ ਖੋਲ੍ਹਣ ਦਾ ਵਾਅਦਾ ਕੀਤਾ ਸੀ। ਉਸੇ ਵਾਅਦੇ ਅਧੀਨ ਇਹ ਫੈਸਲਾ ਲਿਆ ਗਿਆ। ਇਸ ਨੀਤੀ ਅਧੀਨ ਲਾਹੌਰ, ਕਰਾਚੀ ਅਤੇ ਪੇਸ਼ਾਵਰ ਵਿਚ ਗਵਰਨਰ ਹਾਊਸ ਨੂੰ ਆਮ ਲੋਕਾਂ ਲਈ ਖੋਲ੍ਹ ਦਿਤਾ ਗਿਆ ਸੀ।

ਸਤੰਬਰ ਵਿਚ ਲਾਹੌਰ ਵਿਚ ਗਵਰਨਰ ਹਾਊਸ ਖੁਲ੍ਹਣ ਤੋਂ ਪਹਿਲੇ ਹੀ ਦਿਨ 4 ਹਜ਼ਾਰ ਲੋਕ ਇਸ ਨੂੰ ਦੇਖਣ ਆਏ ਸਨ। ਦੱਸ ਦਈਏ ਕਿ ਇਮਰਾਨ ਖਾਨ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਦਾ ਅਹੁਦ ਸੰਭਾਲਿਆ ਹੈ ਉਦੋਂ ਤੋਂ ਹੀ ਉਹ ਅਜਿਹੇ ਫੈਸਲੇ ਲੈ ਰਹੇ ਹਨ ਜਿਸ ਨਾਲ ਉਹ ਜਨਤਾ ਦੇ ਵਿਚ ਸੁਨੇਹਾ ਦੇ ਸਕਣ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਉਹ ਲੋਕਾਂ ਨਾਲ ਜਿਆਦਾ ਜੁੜੇ ਹੋਏ ਹਨ।

ਇੰਨੀ ਦਿਨੀ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਇਮਰਾਨ ਖਾਨ ਸਰਕਾਰ ਦੇ ਸਾਹਮਣੇ ਇਹ ਚੁਣੌਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਆਮ ਜਨਤਾ ਦੇ ਗੁੱਸੇ ਨੂੰ ਸ਼ਾਂਤ ਰੱਖ ਸਕਣ। ਮਾਹਿਰਾਂ ਦਾ ਕਹਿਣਾ ਹੈ ਕਿ ਇਮਰਾਨ ਇਸੇ ਕਾਰਨ ਲੋਕਾਂ ਨੂੰ ਪਸੰਦ ਆਉਣ ਵਾਲੇ ਫੈਸਲੇ ਲੈ ਰਹੇ ਹਨ।