Pakistan News: ਕਾਰਗਿਲ ਯੋਜਨਾ ਦਾ ਵਿਰੋਧ ਕਰਨ ’ਤੇ ਮੈਨੂੰ 1999 ’ਚ ਅਹੁਦੇ ਤੋਂ ਹਟਾ ਦਿਤਾ ਗਿਆ ਸੀ: ਨਵਾਜ਼ ਸ਼ਰੀਫ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, 'ਮੈਂ ਕਾਰਗਿਲ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ'

Former Prime Minister of Pakistan: Nawaz Sharif

Lahore: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਾਰਗਿਲ ਯੋਜਨਾ ਦਾ ਵਿਰੋਧ ਕਰਨ ’ਤੇ ਜਨਰਲ ਪਰਵੇਜ਼ ਮੁਸ਼ੱਰਫ ਨੇ ਉਨ੍ਹਾਂ ਨੂੰ 1999 ’ਚ ਸਰਕਾਰ ’ਚੋਂ ਅਹੁਦੇ ਤੋਂ ਹਟਾ ਦਿਤਾ ਸੀ।  ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦੀ ਮਹੱਤਤਾ ’ਤੇ ਜ਼ੋਰ ਦਿਤਾ ਸੀ।

ਉਹ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ ਸੀ।  ਸ਼ਰੀਫ਼ ਨੇ ਕਿਹਾ, ‘‘ਦਸਿਆ ਜਾਣਾ ਚਾਹੀਦਾ ਹੈ ਕਿ ਮੈਨੂੰ 1993 ਅਤੇ 1999 ਵਿਚ ਮੈਨੂੰ ਕਿਉਂ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਜਦੋਂ ਮੈਂ ਕਾਰਗਿਲ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ... ਉਨ੍ਹਾਂ (ਜਨਰਲ ਪਰਵੇਜ਼ ਮੁਸ਼ੱਰਫ) ਨੇ ਮੈਨੂੰ ਹਟਾ ਦਿਤਾ ਅਤੇ ਬਾਅਦ ’ਚ, ਜੋ ਕੁਝ ਵੀ ਮੈਂ ਕਿਹਾ ਸੀ ਉਹ ਸਹੀ ਸਾਬਤ ਹੋਇਆ।’’

ਸ਼ਰੀਫ ਆਉਣ ਵਾਲੀਆਂ ਚੋਣਾਂ ਲਈ ਅਪਣੀ ਪਾਰਟੀ ਦੀ ਟਿਕਟ ਦੇ ਚਾਹਵਾਨਾਂ ਨਾਲ ਗੱਲਬਾਤ ਕਰਨ ਲਈ ਇਥੇ ਆਏ ਸਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਮੁੱਖ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਅਪਣੇ ਕਾਰਜਕਾਲ ਦੌਰਾਨ ਤਿੰਨਾਂ ਮੌਕਿਆਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਉਂ।  ਉਨ੍ਹਾਂ ਕਿਹਾ, ‘‘ਮੈਂ ਜਾਣਨਾ ਚਾਹੁੰਦਾ ਹਾਂ ਕਿ ਮੈਨੂੰ ਹਰ ਵਾਰ ਬਾਹਰ ਕਿਉਂ ਕਢਿਆ ਗਿਆ।’’ ਸ਼ਰੀਫ ਨੇ ਇਹ ਵੀ ਯਾਦ ਕੀਤਾ ਕਿ ਜਦੋਂ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਦੋ ਭਾਰਤੀ ਪ੍ਰਧਾਨ ਮੰਤਰੀਆਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ।

ਉਨ੍ਹਾਂ ਕਿਹਾ, ‘‘ਅਸੀਂ ਹਰ ਮੋਰਚੇ ’ਤੇ ਚੰਗਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਵਜੋਂ ਮੇਰੇ ਕਾਰਜਕਾਲ ਦੌਰਾਨ ਭਾਰਤ ਦੇ ਦੋ ਪ੍ਰਧਾਨ ਮੰਤਰੀਆਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। (ਨਰਿੰਦਰ) ਮੋਦੀ ਸਾਹਬ ਅਤੇ (ਅਟਲ ਬਿਹਾਰੀ) ਵਾਜਪਾਈ ਸਾਹਬ ਲਾਹੌਰ ਆਏ।’’ ਸਾਬਕਾ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, ‘‘ਸਾਨੂੰ ਭਾਰਤ, ਅਫਗਾਨਿਸਤਾਨ ਅਤੇ ਈਰਾਨ ਨਾਲ ਅਪਣੇ ਸਬੰਧ ਸੁਧਾਰਨੇ ਪੈਣਗੇ। ਸਾਨੂੰ ਚੀਨ ਨਾਲ ਮਜ਼ਬੂਤ ਸਬੰਧ ਬਣਾਉਣ ਦੀ ਲੋੜ ਹੈ।’’ ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਪਾਕਿਸਤਾਨ ਆਰਥਕ ਵਿਕਾਸ ’ਚ ਅਪਣੇ ਗੁਆਂਢੀਆਂ ਤੋਂ ਪਿੱਛੇ ਰਹਿ ਗਿਆ ਹੈ। ਸ਼ਰੀਫ ਅਗਲੇ ਸਾਲ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਪਾਰਟੀ ਟਿਕਟਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਰੋਜ਼ਾਨਾ ਬੈਠਕਾਂ ਕਰ ਰਹੇ ਹਨ।

(For more news apart from What Former Prime Minister of Pakistan Nawaz Sharif said, stay tuned to Rozana Spokesman)