Indian rice ’ਤੇ ਵਾਧੂ ਟੈਰਿਫ਼ ਲਗਾ ਸਕਦੇ ਹਨ ਡੋਨਾਲਡ ਟਰੰਪ
ਕਿਹਾ : ਭਾਰਤ ਤੋਂ ਆਉਣ ਵਾਲੇ ਸਸਤੇ ਚੌਲਾਂ ਕਾਰਨ ਅਮਰੀਕੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸਹੀ ਰੇਟ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਤੋਂ ਆਉਣ ਵਾਲੇ ਚੌਲਾਂ ਅਤੇ ਕੈਨੇਡਾ ਤੋਂ ਆਉਣ ਵਾਲੀ ਖਾਦ 'ਤੇ ਵਾਧੂ ਟੈਰਿਫ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਸਸਤੀਆਂ ਚੀਜ਼ਾਂ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਕਿਸਾਨਾਂ ਲਈ ਨਵੀਂ ਵਿੱਤੀ ਸਹਾਇਤਾ ਦਾ ਐਲਾਨ ਕਰਦੇ ਹੋਏ ਇਹ ਬਿਆਨ ਦਿੱਤਾ।
ਟਰੰਪ ਨੇ ਕਿਹਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਨੂੰ ਬਹੁਤ ਸਸਤੇ ਚੌਲ ਵੇਚ ਰਹੇ ਹਨ, ਜਿਸ ਨਾਲ ਇੱਥੇ ਕਿਸਾਨਾਂ ਦੀ ਆਮਦਨ ਘੱਟ ਰਹੀ ਹੈ। ਉਨ੍ਹਾਂ ਇਸ ਨੂੰ "ਡੰਪਿੰਗ" ਕਿਹਾ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ । ਟਰੰਪ ਨੇ ਆਪਣੇ ਵਿੱਤ ਮੰਤਰੀ ਤੋਂ ਇਹ ਵੀ ਪੁੱਛਿਆ ਕਿ ਕੀ ਭਾਰਤ ਨੂੰ ਚੌਲਾਂ 'ਤੇ ਕੋਈ ਛੋਟ ਮਿਲੀ ਹੈ। ਮੰਤਰੀ ਨੇ ਕਿਹਾ ਕਿ ਇਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤੇ 'ਤੇ ਗੱਲਬਾਤ ਚੱਲ ਰਹੀ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਮਰੀਕਾ ਕੈਨੇਡਾ ਤੋਂ ਆਯਾਤ ਕੀਤੀ ਜਾਣ ਵਾਲੀ ਖਾਦ 'ਤੇ ਸਖ਼ਤ ਟੈਰਿਫ ਲਗਾ ਸਕਦਾ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੀ ਖਾਦ ਕੈਨੇਡਾ ਤੋਂ ਆਉਂਦੀ ਹੈ । ਜੇ ਇਹ ਬਹੁਤ ਸਸਤੀ ਹੋ ਜਾਂਦੀ ਹੈ ਤਾਂ ਅਸੀਂ ਇਸ 'ਤੇ ਸਖ਼ਤ ਟੈਰਿਫ ਲਗਾਵਾਂਗੇ। ਕੈਨੇਡਾ ਅਮਰੀਕਾ ਨੂੰ ਪੋਟਾਸ਼ ਖਾਦ ਦਾ ਸਭ ਤੋਂ ਵੱਡਾ ਸਪਲਾਇਰ ਹੈ। ਹੁਣ ਤੱਕ ਇਸ ਨੂੰ ਵਪਾਰ ਸਮਝੌਤੇ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ।
ਅਮਰੀਕਾ ਵਿੱਚ ਮਹਿੰਗਾਈ ਅਤੇ ਵਧਦੀਆਂ ਕੀਮਤਾਂ ਟਰੰਪ 'ਤੇ ਦਬਾਅ ਵਧਾ ਰਹੀਆਂ ਹਨ। ਕਿਸਾਨ ਵੀ ਵਧਦੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਹਨ । ਖਾਦ 'ਤੇ ਇੱਕ ਨਵਾਂ ਟੈਰਿਫ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਸਕਦਾ ਹੈ। ਅਮਰੀਕਾ ਨੇ ਹਾਲ ਹੀ ਵਿੱਚ ਪੋਟਾਸ਼ ਅਤੇ ਫਾਸਫੇਟ ਨੂੰ ਉਨ੍ਹਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਖਣਿਜਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਪਰ ਕਿਸਾਨ ਅਜੇ ਵੀ ਇਸ ਬਾਰੇ ਚਿੰਤਤ ਹਨ।