ਇਸ ਲਾਈਟ ਹਾਊਸ ਦੀ ਦੇਖਭਾਲ ਕਰਨ 'ਤੇ ਮਿਲੇਗੀ 92 ਲੱਖ ਰੁਪਏ ਤਨਖਾਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਤਨਖਾਹ ਇਕ ਆਦਮੀ ਨੂੰ ਨਹੀਂ ਮਿਲੇਗੀ, ਸਗੋਂ ਇਸ ਨੂੰ ਦੋ ਲੋਕਾਂ ਵਿਚ ਵੰਡਿਆ ਜਾਵੇਗਾ।

East Brother Light Station

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਵਿਖੇ ਸਥਿਤ ਇਕ ਟਾਪੂ ਨੇ ਅਪਣੇ ਇਥੇ ਕੰਮ ਕਰਨ ਵਾਲੇ ਨੂੰ 91.62 ਲੱਖ ਰੁਪਏ ( 1.30 ਲੱਖ ਡਾਲਰ) ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਇਸ ਤਨਖਾਹ ਨੂੰ ਪਾਉਣ ਵਾਲੇ ਵਿਅਕਤੀ ਨੂੰ ਇਕ ਖ਼ਾਸ ਕੰਮ ਕਰਨਾ ਹੋਵੇਗਾ। ਦੂਜੀ ਅਹਿਮ ਗੱਲ ਇਹ ਹੈ ਕਿ ਇਹ ਤਨਖਾਹ ਇਕ ਆਦਮੀ ਨੂੰ ਨਹੀਂ ਮਿਲੇਗੀ, ਸਗੋਂ ਇਸ ਨੂੰ ਦੋ ਲੋਕਾਂ ਵਿਚ ਵੰਡਿਆ ਜਾਵੇਗਾ। ਇਹ ਤਨਖਾਹ ਟਾਪੂ 'ਤੇ ਬਣੇ ਇਤਿਹਾਸਕ ਲਾਈਟ ਹਾਊਸ ਦੀ ਦੇਖਭਾਲ ਕਰਨ ਵਾਲੇ ਨੂੰ ਦਿਤੀ ਜਾਵੇਗੀ। ਖ਼ਬਰਾਂ ਮੁਤਾਬਕ ਸੇਨ ਪਾਬਲੋ ਖਾੜੀ ਸੈਨ ਫਰਾਂਸਿਸਕੋ ਖਾੜੀ ਦਾ ਹਿੱਸਾ ਹੈ।

ਇਥੇ ਸਥਿਤ ਈਸਟ ਬ੍ਰਦਰ ਲਾਈਟ ਸਟੇਸ਼ਨ ਦੀ ਸਥਾਪਨਾ 1874 ਵਿਚ ਕੀਤੀ ਗਈ ਸੀ ਤਾਂ ਕਿ ਸੈਨ ਫਰਾਂਸਿਸਕੋ ਦੇ ਨੇੜਲੇ ਇਲਾਕਿਆਂ ਵਿਚ ਮਲਾਹਾਂ ਨੂੰ ਯਾਤਰਾ ਕਰਨ ਵਿਚ ਮਦਦ ਕੀਤੀ ਜਾ ਸਕੇ। ਇਸ ਲਾਈਟ ਹਾਊਸ ਨੂੰ 1960 ਦੇ ਦਹਾਕੇ ਵਿਚ ਆਟੋਮੈਟਿਕ ਬਣਾ ਦਿਤਾ ਗਿਆ ਸੀ ਜੋ ਹੁਣ ਤੱਕ ਕੰਮ ਕਰ ਰਿਹਾ ਹੈ। ਇਸ ਦੀ ਮਲਕੀਅਤ ਅਮਰੀਕੀ ਤੱਟ ਰੱਖਿਅਕ ਤਾਕਤਾਂ ਦੇ ਕੋਲ ਹੈ ਅਤੇ ਇਸ ਦੀ ਨਿਗਰਾਨੀ ਗ਼ੈਰ ਲਾਭਕਾਰੀ ਸਮੂਹ ਈਸਟ ਬ੍ਰਦਰ ਲਾਈਟ ਹਾਊਸ ਕਰਦਾ ਹੈ। ਇਸ ਲਾਈਟ ਹਾਊਸ 'ਤੇ 1979 ਤੋਂ ਹੀ ਬਿਸਤਰ ਅਤੇ ਨਾਸ਼ਤੇ ਦੇ ਨਾਲ ਸੈਲਾਨੀਆਂ ਦੇ ਰੁਕਣ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜਿਸ ਤੋਂ ਹੋਣ ਵਾਲੀ ਆਮਦਨ ਨਾਲ ਇਸ ਦੀ ਦੇਖਭਾਲ ਕੀਤੀ ਜਾਂਦੀ ਹੈ। ਕੈਲੀਫੋਰਨੀਆ ਦੇ ਰਿਚਮੰਡ ਦੇ ਸਥਾਨਕ ਮੇਅਰ ਟੌਮ ਬੱਟ ਨੇ ਕਿਹਾ ਕਿ ਮੈਂ ਇਥੇ 40 ਸਾਲ ਕੰਮ ਕੀਤਾ ਹੈ। ਸ਼ੁਰੂਆਤ ਵਿਚ ਇਸ ਨੂੰ ਛੱਡ ਦਿਤਾ ਗਿਆ ਸੀ ਪਰ ਅਸੀਂ ਇਸ ਦੀ ਦੇਖਭਾਲ ਲਈ ਆਮਦਨ ਹਾਸਲ ਕਰਨ ਦਾ ਤਰੀਕਾ ਲੱਭਿਆ। ਬੱਟ ਲਾਈਟ ਹਾਊਸ ਨੂੰ ਚਲਾਉਣ ਵਾਲੀ ਗ਼ੈਰ ਸਰਕਾਰੀ ਸੰਸਥਾ ਦੇ ਮੁਖੀ ਵੀ ਹਨ।

ਇਸ ਦੇ ਬਿਸਤਰ ਅਤੇ ਨਾਸ਼ਤੇ ਤੋਂ ਹਾਸਲ ਹੋਣ ਵਾਲੀ ਆਮਦਨ ਦੀ ਵਰਤੋਂ ਇਸ ਇਤਿਹਾਸਕ ਇਮਾਰਤ ਦੀ ਦੇਖਭਾਲ ਅਤੇ ਮੁਰੰਮਤ ਵਿਚ ਕੀਤਾ ਜਾਂਦਾ ਹੈ। ਉਥੇ ਹੀ ਈਸਟ ਬ੍ਰਦਰ ਦੀ ਵੈਬਸਾਈਟ ਮੁਤਾਬਕ ਇਸ ਵਿਚ ਕੰਮ ਕਰਨ ਲਈ ਅਪਲਾਈ ਕਰਨ ਵਾਲਿਆਂ ਲਈ ਮੇਜ਼ਬਾਨੀ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਅਮਰੀਕੀ ਕੋਸਟ ਗਾਰਡ ਕਮਰਸ਼ੀਅਲ ਬੋਟ ਆਪ੍ਰੇਟਰ ਲਾਇਸੈਂਸ ਵੀ ਹੋਣਾ ਜ਼ਰੂਰੀ ਹੈ।