ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨਹੀਂ ਰਹੇ
ਸਿੱਖ ਚਿੰਤਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦਾ ਦੇਹਾਂਤ ਹੋ ਗਿਆ ਹੈ। ਉਹ 98 ਸਾਲਾਂ ਦੇ ਸਨ। ਉਨ੍ਹਾਂ ਅੱਜ ਭਾਰਤੀ ਸਮੇਂ ਅਨੁਸਾਰ ਤੜਕੇ ਛੇ ਕੁ ਵਜੇ ਕੈਨੇਡਾ ਦੇ...
ਬ੍ਰੈਂਪਟਨ : ਸਿੱਖ ਚਿੰਤਕ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦਾ ਦੇਹਾਂਤ ਹੋ ਗਿਆ ਹੈ। ਉਹ 98 ਸਾਲਾਂ ਦੇ ਸਨ। ਉਨ੍ਹਾਂ ਅੱਜ ਭਾਰਤੀ ਸਮੇਂ ਅਨੁਸਾਰ ਤੜਕੇ ਛੇ ਕੁ ਵਜੇ ਕੈਨੇਡਾ ਦੇ ਸ਼ਹਿਰ ਬਰੈਂਪਟਨ `ਚ ਆਖ਼ਰੀ ਸਾਹ ਲਿਆ।ਆਪਣੀ ਪੁਸਤਕ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ` ਤੋਂ ਉਹ ਸਿੱਖ ਜਗਤ ਵਿਚ ਚਰਚਾ ਦਾ ਕੇਂਦਰ ਬਣੇ ਸਨ।
ਉਨ੍ਹਾਂ ਦਾ ਵੱਡੇ ਪੱਧਰ `ਤੇ ਵਿਰੋਧ ਵੀ ਹੋਇਆ। ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਖ਼ਾਰਜ ਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਸਿੱਖ ਮਰਿਆਦਾਵਾਂ `ਤੇ ਬਹੁਤ ਸਾਰੀਆਂ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ; ਜਿਨ੍ਹਾਂ `ਤੇ ਕਾਫ਼ੀ ਇਤਰਾਜ਼ ਹੋਏ ਸਨ।ਸ੍ਰੀ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਗੁਰਦਾਸਪੁਰ `ਚ ਰਹਿੰਦੇ ਸਨ ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਮੁਲਤਾਨ `ਚ ਰਹਿੰਦੇ ਸਨ। ਉੱਚ ਸਿੱਖਿਆ ਉਨ੍ਹਾਂ ਮਿੰਟਗੁਮਰੀ ਦੇ ਸਰਕਾਰੀ ਕਾਲਜ ਤੋਂ ਹਾਸਲ ਕੀਤੀ ਸੀ।
1947 `ਚ ਉਹ ਪੁਲਿਸ ਵਿਭਾਗ `ਚ ਭਰਤੀ ਹੋ ਗਏ ਸਨ, ਜਿੱਥੋਂ ਉਹੋ 1981 `ਚ ਸੇਵਾ-ਮੁਕਤ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਸਿੱਖ ਸਾਹਿਤ ਰਚਣਾ ਸ਼ੁਰੂ ਕੀਤਾ।ਸ੍ਰੀ ਕਾਲਾ ਅਫ਼ਗ਼ਾਨਾ ਦਾ ਵਿਰੋਧ ਕਰਨ ਵਾਲਿਆਂ ਦੀ ਜਿੱਥੇ ਵੱਡੀ ਗਿਣਤੀ ਸੀ। ਉੱਥੇ ਉਨ੍ਹਾਂ ਦੇ ਵਿਚਾਰਾਂ ਨੂੰ ਮਾਨਤਾ ਦੇਣ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ।ਸਦਾ ਵਿਵਾਦਾਂ `ਚ ਘਿਰੇ ਰਹਿਣ ਕਾਰਨ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਹਮੇਸ਼ਾ ਹੀ ਬਹੁ-ਚਰਚਿਤ ਰਹੇ ਸਨ।