ਅਮਰੀਕਾ : ਨਿਊਯਾਰਕ ਦੇ ਇੱਕ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

32 ਲੋਕ ਬੁਰੀ ਤਰ੍ਹਾਂ ਝੁਲਸੇ

A terrible fire broke out in a New York apartment

ਨਿਊਯਾਰਕ: ਐਤਵਾਰ ਨੂੰ ਨਿਊਯਾਰਕ ਦੇ ਬਰੌਂਕਸ ਇਲਾਕੇ 'ਚ ਭਿਆਨਕ ਅੱਗ ਲੱਗਣ ਕਾਰਨ 19 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ 'ਚ 9 ਬੱਚੇ ਵੀ ਸ਼ਾਮਲ ਹਨ। ਜਦਕਿ 32 ਲੋਕ ਬੁਰੀ ਤਰ੍ਹਾਂ ਝੁਲਸ ਗਏ ਜਿਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਗਿਆ ਹੈ ਕਿ ਅੱਗ ਇਕ ਅਪਾਰਟਮੈਂਟ ਦੀ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਲੱਗੀ। ਘਟਨਾ ਐਤਵਾਰ ਸਵੇਰੇ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ।

 

ਮੁੱਢਲੀ ਜਾਂਚ ਤੋਂ ਬਾਅਦ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਹੀਟਰ ਦੱਸਿਆ ਜਾ ਰਿਹਾ ਹੈ। ਹੀਟਰ 'ਚ ਹੀ ਕੁਝ ਖਰਾਬੀ ਆ ਗਈ ਅਤੇ ਫਿਰ ਅਪਾਰਟਮੈਂਟ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗ ਗਈ।

 

ਫਿਰ ਹੌਲੀ-ਹੌਲੀ ਅੱਗ ਦੀਆਂ ਲਪਟਾਂ ਦੂਜੀ ਮੰਜ਼ਿਲ 'ਤੇ ਪਹੁੰਚ ਗਈਆਂ ਅਤੇ ਪੂਰੇ ਅਪਾਰਟਮੈਂਟ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘੱਟੋ-ਘੱਟ 200 ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਮੇਅਰ ਐਰਿਕ ਐਡਮਜ਼, ਗਵਰਨਰ ਕੈਥੀ ਹੋਚੁਲ ਅਤੇ ਅਮਰੀਕੀ ਸੈਨੇਟਰ ਚਾਰਲਸ ਸ਼ੂਮਰ ਮੌਕੇ 'ਤੇ ਪਹੁੰਚੇ।

ਮੇਅਰ ਐਡਮਸ ਦੇ ਸੀਨੀਅਰ ਸਲਾਹਕਾਰ ਸਟੀਫਨ ਰਿੰਗਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਸੀ।