ਘਰੇਲੂ ਨੌਕਰਾਂ ਨੂੰ ਘੱਟ ਤਨਖ਼ਾਹ ਦੇਣਾ ਭਾਰਤੀ-ਅਮਰੀਕੀ ਮਹਿਲਾ ਡਾਕਟਰ ਨੂੰ ਪਿਆ ਮਹਿੰਗਾ, ਲਾਇਸੈਂਸ ਹੋਇਆ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋ ਭਾਰਤੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਘਰ 'ਚ ਰੱਖਣ ਤੇ ਕੰਮ ਕਰਾਉਣ ਲਈ 27 ਮਹੀਨਿਆਂ ਦੀ ਕੈਦ

Paying low wages to domestic workers cost Indian-American female doctor, license revoked

ਵਾਸ਼ਿੰਗਟਨ : ਦੋ ਭਾਰਤੀ ਔਰਤਾਂ ਨੂੰ ਘੱਟ ਤਨਖ਼ਾਹ ’ਤੇ ਘਰੇਲੂ ਨੌਕਰ ਵਜੋਂ ਕੰਮ ’ਤੇ ਰੱਖਣ ਅਤੇ ਉਨ੍ਹਾਂ ਨੂੰ ਅਪਣੇ ਘਰ ਵਿਚ ਗ਼ੈਰ ਕਾਨੂੰਨੀ ਤੌਰ ’ਤੇ ਪਨਾਹ ਦੇਣ ਦੇ ਦੋਸ਼ ’ਚ ਇਕ ਭਾਰਤੀ-ਅਮਰੀਕੀ ਡਾਕਟਰ ਦਾ ਮੈਡੀਕਲ ਲਾਇਸੈਂਸ ਸਥਾਈ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ।

ਡਾ. ਹਰਸ਼ਾ ਸਾਹਨੀ ਨਿਊ ਜਰਸੀ, ਕਲੋਨੀਆ ’ਚ ਗਠੀਏ ਦੀ ਮਾਹਰ ਡਾਕਟਰ ਹੈ। ਉਸਨੇ ਪਿਛਲੇ ਸਾਲ ਫ਼ਰਵਰੀ ਵਿਚ ਵਿਦੇਸ਼ੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ ’ਤੇ ਛੁਪਾਉਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਤੇ ਝੂਠੇ ਇਨਕਮ ਟੈਕਸ ਰਿਟਰਨ ਭਰਨ ਦੇ ਸੰਘੀ ਦੋਸ਼ਾਂ ਨੂੰ ਮੰਨਿਆ ਸੀ। ਅਟਾਰਨੀ ਜਨਰਲ ਮੈਥਿਊ ਜੇ ਪਲੈਟਕਿਨ ਅਤੇ ਖਪਤਕਾਰ ਮਾਮਲਿਆਂ ਦੇ ਡਵੀਜਨ ਨੇ ਬੁਧਵਾਰ ਨੂੰ ਕਿਹਾ ਕਿ ਸੰਘੀ ਅਦਾਲਤ ਦੇ ਜੱਜ ਨੇ ਅਕਤੂਬਰ 2024 ਵਿਚ ਡਾਕਟਰ ਨੂੰ 27 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਉਸਨੂੰ ਇਹ ਸਜ਼ਾ ਭੁਗਤਣੀ ਪਵੇਗੀ।

ਸਾਹਨੀ ’ਤੇ ਅਸਥਾਈ ਤੌਰ ’ਤੇ ਸਤੰਬਰ 2023 ਤੋਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ’ਤੇ ਪਾਬੰਦੀ ਲਗਾ ਦਿਤੀ ਗਈ ਸੀ। ਅਟਾਰਨੀ ਜਨਰਲ ਪਲੈਟਕਿਨ ਨੇ ਕਿਹਾ, ‘ਅੱਜ ਇਸ ਫ਼ੈਸਲੇ ਨਾਲ ਇਕ ਪਰੇਸ਼ਾਨ ਕਰਨ ਵਾਲਾ ਕੇਸ ਬੰਦ ਹੋ ਗਿਆ ਹੈ ਜਿਸ ਵਿਚ ਦੇਖਭਾਲ ਅਤੇ ਦਇਆ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕਣ ਵਾਲੀ ਇਕ ਡਾਕਟਰ ਨੇ ਵਿੱਤੀ ਲਾਭ ਲਈ ਪੀੜਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

ਸਾਹਨੀ ਨੇ ਪਿਛਲੇ ਫ਼ਰਵਰੀ ’ਚ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਉਨ੍ਹਾਂ ਦੋਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਦੇਸ਼ ਨਿਕਾਲਾ ਦਿਤਾ ਜਾਵੇਗਾ।