ਅਮਰੀਕਾ ਵਲੋਂ ਜ਼ਬਤ ਕੀਤੇ ਰੂਸੀ ਤੇਲ ਟੈਂਕਰ ’ਚ ਹਿਮਾਚਲ ਪ੍ਰਦੇਸ਼ ਦਾ ਨੌਜਵਾਨ ਵੀ ਸ਼ਾਮਲ
ਤਿੰਨ ਭਾਰਤੀ ਅਜੇ ਤੱਕ ਤੇਲ ਟੈਂਕਰ 'ਤੇ ਅਮਰੀਕੀ ਹਿਰਾਸਤ ’ਚ
ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦਾ ਰਕਸ਼ਿਤ ਚੌਹਾਨ ਉਨ੍ਹਾਂ ਤਿੰਨ ਭਾਰਤੀਆਂ ’ਚੋਂ ਇਕ ਹੈ ਜੋ ਅਮਰੀਕਾ ਵਲੋਂ ਜ਼ਬਤ ਕੀਤੇ ਗਏ ਮਾਰੀਨੇਰਾ ਤੇਲ ਟੈਂਕਰ ਉਤੇ ਹਿਰਾਸਤ ’ਚ ਹਨ। ਅਮਰੀਕੀ ਕੋਰਟ ਗਾਰਡ ਨੇ ਉੱਤਰੀ ਅਟਲਾਂਟਿਕ ਸਾਗਰ ’ਚ ਬੁਧਵਾਰ ਨੂੰ ਰੂਸ ਦੇ ਇਸ ਤੇਲ ਟੈਂਕਰ ਉਤੇ ਕਬਜ਼ਾ ਕਰ ਲਿਆ ਸੀ। ਟੈਂਕਰ ਦਾ ਨਾਂ ਪਹਿਲਾਂ ਬੇਲ 1 ਸਦਿਆ ਜਾ ਰਿਹਾ ਸੀ, ਜੋ ਰੂਸੀ ਝੰਡੇ ਹੇਠ ਸੰਚਾਲਨ ਕਰ ਰਿਹਾ ਸੀ ਅਤੇ ਨਿਜੀ ਵਪਾਰ ਵਲੋਂ ਚਾਰਟਰਡ ਕੀਤਾ ਗਿਆ ਸੀ। ਇਸ ’ਚ ਵੈਨੇਜ਼ੁਏਲਾ ਨਾਲ ਸਬੰਧਤ ਕੱਚਾ ਤੇਲ ਸੀ ਅਤੇ ਇਹ ਰੂਸ ਜਾ ਰਿਹਾ ਸੀ ਜਦੋਂ ਇਸ ਨੂੰ ਜ਼ਬਤ ਕਰ ਲਿਆ ਗਿਆ।
ਜ਼ਬਤ ਕਰਨ ਸਮੇਂ ਟੈਂਕਰ ਉਤੇ ਕੁੱਲ 28 ਚਾਲਕ ਦਲ ਦੇ ਮੈਂਬਰ ਸਨ ਜਿਨ੍ਹਾਂ ਵਿਚ ਤਿੰਨ ਭਾਰਤੀ ਵੀ ਹਨ। ਉਨ੍ਹਾਂ ਤੋਂ ਇਲਾਵਾ 20 ਯੂਕਰੇਨੀ, ਛੇ ਜੂਰਜੀਅਨ ਅਤੇ ਦੋ ਰੂਸੀ ਮੈਂਬਰ ਸਨ। ਭਾਰਤੀ ਰਕਸ਼ਿਤ ਦਾ ਪਰਵਾਰ ਪਾਲਮਪੁਰ ਦੇ ਬਾਹਰਵਾਰ ਰਹਿੰਦਾ ਹੈ। ਪਰਵਾਰ ਅਪਣੇ ਪੁੱਤਰ ਨਾਲ ਅਚਾਨਕ ਸੰਪਰਕ ਟੁੱਟ ਜਾਣ ਕਾਰਨ ਪ੍ਰੇਸ਼ਾਨ ਹੈ। ਰਕਸ਼ਿਤ ਦੇ ਪਿਤਾ ਰਣਜੀਤ ਨੇ ਕਿਹਾ ਕਿ ਨਾ ਹੀ ਭਾਰਤ ਸਰਕਾਰ ਅਤੇ ਨਾ ਹੀ ਰੂਸੀ ਅਥਾਰਟੀਆਂ ਨੇ ਅਜੇ ਤਕ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਰਿਕਸ਼ਿਤ ਦੀ ਸੁਰੱਖਿਆ ਬਾਰੇ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਕਸਿ਼ਤ ਨੇ ਪਿਛਲੇ ਸਾਲ ਅਗਸਤ ’ਚ ਹੀ ਮਰਚੈਂਟ ਨੇਵੀ ’ਚ ਦਾਖ਼ਲਾ ਲਿਆ ਸੀ ਅਤੇ ਇਹ ਸਮੁੰਦਰ ’ਚ ਉਸ ਦਾ ਪਹਿਲਾ ਹੀ ਸਫ਼ਰ ਸੀ। ਉਨ੍ਹਾਂ ਕਿਹਾ ਕਿ ਮਰਚੈਂਟ ਨੇਵੀ ਦੇ ਅਫ਼ਸਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਰੂਸੀ ਸਰਕਾਰ ਸਥਿਤੀ ਉਤੇ ਲਗਾਤਾਰ ਨਜ਼ਰ ਰੱਖ ਰਹੀ ਹੈ।