ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਭਾਰਤ-ਪਾਕਿ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਇਤਿਹਾਸ ਵਿਚ ਮੇਰੇ ਤੋਂ ਵੱਧ ਨੋਬਲ ਸ਼ਾਂਤੀ ਪੁਰਸਕਾਰ ਦਾ ਕੋਈ ਹੱਕਦਾਰ ਨਹੀਂ ਹੈ'

US President Donald Trump again claims to prevent India-Pakistan conflict

ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਸੁਲਝਾਇਆ ਹੈ।

ਟਰੰਪ ਨੇ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਵਿਚ ਤੇਲ ਅਤੇ ਗੈਸ ਦੇ ਅਧਿਕਾਰੀਆਂ ਨਾਲ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਦੀ ਯੋਜਨਾ ਉਤੇ ਵਿਚਾਰ-ਵਟਾਂਦਰੇ ਦੌਰਾਨ ਅਪਣੇ ਦਾਅਵੇ ਨੂੰ ਵੀ ਦੁਹਰਾਇਆ ਕਿ ਪਿਛਲੇ ਸਾਲ ਮਈ ਵਿਚ ਹੋਏ ਸੰਘਰਸ਼ ਵਿਚ ਅੱਠ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ ਸੀ। ਟਰੰਪ ਨੇ ਕਿਹਾ, ‘‘ਦੇਖੋ ਭਾਵੇਂ ਲੋਕ ਟਰੰਪ ਨੂੰ ਪਸੰਦ ਕਰਨ ਜਾਂ ਨਾ ਕਰਨ, ਮੈਂ ਅੱਠ ਯੁੱਧਾਂ ਨੂੰ ਰੁਕਵਾਇਆ। ਵੱਡੀਆਂ ਜੰਗਾਂ। ਕੁੱਝ 36 ਸਾਲ, 32 ਸਾਲ, 31 ਸਾਲ, 28 ਸਾਲ, 25 ਸਾਲ ਤੋਂ ਚੱਲ ਰਹੇ ਸਨ, ਕੁੱਝ ਭਾਰਤ ਅਤੇ ਪਾਕਿਸਤਾਨ ਦੀ ਤਰ੍ਹਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਸਨ, ਜਿੱਥੇ ਪਹਿਲਾਂ ਹੀ ਅੱਠ ਲੜਾਕੂ ਜਹਾਜ਼ ਡੇਗ ਦਿਤੇ ਜਾ ਚੁਕੇ ਸਨ।’’

ਟਰੰਪ ਨੇ ਅੱਗੇ ਕਿਹਾ ਕਿ ਇਤਿਹਾਸ ਵਿਚ ਉਨ੍ਹਾਂ ਤੋਂ ਵੱਧ ਨੋਬਲ ਸ਼ਾਂਤੀ ਪੁਰਸਕਾਰ ਦਾ ਕੋਈ ਹੱਕਦਾਰ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਵਿਚ ਅਪਣੇ ਦੂਜੇ ਕਾਰਜਕਾਲ ਦੇ ਅੱਠ ਮਹੀਨਿਆਂ ਦੇ ਅੰਦਰ ਅੱਠ ਜੰਗ ਰੋਕ ਚੁਕੇ ਹਨ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ 2009 ਵਿਚ ਅਹੁਦਾ ਸੰਭਾਲਣ ਤੋਂ ਤੁਰਤ ਬਾਅਦ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਲਈ ਓਬਾਮਾ ਦੀ ਨਿੰਦਾ ਕੀਤੀ ਐ ਕਿਹਾ ਕਿ ‘ਓਬਾਮਾ ਨੇ ਕੁੱਝ ਨਹੀਂ ਕੀਤਾ’।’’ ਟਰੰਪ ਨੇ ਕਿਹਾ, ‘‘ਓਬਾਮਾ ਨੂੰ ਨੋਬਲ ਪੁਰਸਕਾਰ ਮਿਲਿਆ। ਉਸ ਨੂੰ ਵੀ ਪਤਾ ਨਹੀਂ ਸੀ ਕਿ ਕਿਉਂ। ਉਸ ਨੂੰ ਅਜੇ ਵੀ ਕੋਈ ਪਤਾ ਨਹੀਂ ਹੈ। ਉਹ ਘੁੰਮਦਾ ਹੈ, ਉਹ ਕਹਿੰਦਾ ਹੈ, ‘ਮੈਨੂੰ ਨੋਬਲ ਪੁਰਸਕਾਰ ਮਿਲਿਆ ਹੈ’। ਉਸ ਨੂੰ ਨੋਬਲ ਪੁਰਸਕਾਰ ਕਿਉਂ ਮਿਲਿਆ? ਉਸ ਨੂੰ ਅਹੁਦਾ ਸੰਭਾਲਣ ਤੋਂ ਤੁਰਤ ਬਾਅਦ ਇਹ ਮਿਲ ਗਿਆ ਸੀ ਅਤੇ ਉਸ ਨੇ ਕੁੱਝ ਨਹੀਂ ਕੀਤਾ ਅਤੇ ਉਹ ਮਾੜੇ ਰਾਸ਼ਟਰਪਤੀ ਸਨ।’’

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਜਿਨ੍ਹਾਂ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਦਾ ਦੌਰਾ ਕੀਤਾ ਸੀ, ਨੇ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਰੁਕਵਾ ਕੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਦਾ ਸਿਹਰਾ ਉਨ੍ਹਾਂ ਨੂੰ ਹੀ ਦਿਤਾ ਸੀ।

ਦੱਸਣਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ 7 ਮਈ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਆਪ੍ਰੇਸ਼ਨ ਸੰਧੂਰ ਸ਼ੁਰੂ ਕੀਤਾ ਸੀ, ਜਿਸ ’ਚ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ’ਚ 26 ਨਾਗਰਿਕਾਂ ਦੀ ਮੌਤ ਹੋ ਗਈ ਸੀ।  ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਸੰਘਰਸ਼ ਨੂੰ ਖਤਮ ਕਰਨ ਲਈ ਸਹਿਮਤੀ ਬਣਾਈ। ਭਾਰਤ ਨੇ ਲਗਾਤਾਰ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉਨ੍ਹਾਂ ਨੂੰ ਦਸਿਆ ਕਿ ਉਹ ਦਸ ਸਾਲਾਂ ਤੋਂ ਦੋ ਯੁੱਧਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਅਜਿਹਾ ਨਹੀਂ ਕਰ ਸਕੇ। ਟਰੰਪ ਨੂੰ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਬਾਰੇ ਪੁਛਿਆ ਗਿਆ ਸੀ, ਜਿਸ ਨੇ ਪਿਛਲੇ ਸਾਲ ਅਪਣਾ ਨੋਬਲ ਸ਼ਾਂਤੀ ਪੁਰਸਕਾਰ ਉਨ੍ਹਾਂ ਨੂੰ ਸਮਰਪਿਤ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਸਨਮਾਨ ਦੇਣਾ ਚਾਹੁੰਦੀ ਹੈ। ਟਰੰਪ ਨੇ ਕਿਹਾ ਕਿ ਮਚਾਡੋ ਅਗਲੇ ਹਫਤੇ ਵਾਸ਼ਿੰਗਟਨ ਆਉਣਗੇ ਅਤੇ ‘‘ਸਾਡੇ ਦੇਸ਼ ਦਾ ਸਤਿਕਾਰ ਕਰਨਗੇ, ਸੱਚਮੁੱਚ ਮੇਰੇ ਲਈ, ਪਰ ਤੁਸੀਂ ਜਾਣਦੇ ਹੋ ਕਿ ਮੈਂ ਦੇਸ਼ ਦਾ ਨੁਮਾਇੰਦਾ ਹਾਂ, ਹੋਰ ਕੁੱਝ ਨਹੀਂ, ਅਤੇ ਉਹ ਅਗਲੇ ਹਫਤੇ ਕਿਸੇ ਸਮੇਂ ਆ ਰਹੀ ਹੈ।’’