ਡੈਟਾ ਲੀਕ ਮਾਮਲੇ 'ਚ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਸਾਹਮਣੇ ਮੰਗੀ ਮੁਆਫ਼ੀ
ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਲਿਖ਼ਤੀ ਬਿਆਨ ਦੇ ਕੇ ਡੈਟਾ ਦੁਰਵਰਤੋਂ ਨੂੰ ਲੈ ਕੇ ਮੁਆਫ਼ੀ ਮੰਗੀ।
ਵਾਸ਼ਿੰਗਟਨ : ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਅਮਰੀਕੀ ਕਾਂਗਰਸ ਦੇ ਸਾਹਮਣੇ ਲਿਖ਼ਤੀ ਬਿਆਨ ਦੇ ਕੇ ਡੈਟਾ ਦੁਰਵਰਤੋਂ ਨੂੰ ਲੈ ਕੇ ਮੁਆਫ਼ੀ ਮੰਗੀ। ਮਾਰਕ ਨੇ ਕਿਹਾ ਕਿ ਉਹ ਫੇਸਬੁੱਕ 'ਤੇ ਲੋਕਾਂ ਦੇ ਡੈਟਾ ਨੂੰ ਸੁਰੱਖਿਅਤ ਨਾ ਰੱਖ ਸਕਣ ਲਈ ਜ਼ਿੰਮੇਵਾਰ ਹਨ। ਜ਼ੁਕਰਬਰਗ ਨੇ ਕਾਂਗਰਸ ਦੀ ਇਕ ਕਮੇਟੀ ਦੇ ਸਾਹਮਣੇ ਕਿਹਾ ''ਅਸੀਂ ਅਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ, ਜੋ ਇਕ ਵੱਡੀ ਗ਼ਲਤੀ ਸੀ।''
ਉਨ੍ਹਾਂ ਕਿਹਾ ''ਇਹ ਮੇਰੀ ਗ਼ਲਤੀ ਸੀ, ਮੈਨੂੰ ਇਸ 'ਤੇ ਦੁੱਖ ਹੈ। ਮੈਂ ਫੇਸਬੁੱਕ ਦੀ ਸ਼ੁਰੂਆਤ ਕੀਤੀ ਸੀ। ਮੈਂ ਇਸ ਦਾ ਸੰਚਾਲਨ ਕਰਦਾ ਹਾਂ ਅਤੇ ਇਸ ਦੇ ਨਾਲ ਜੋ ਕੁੱਝ ਵੀ ਹੁੰਦਾ ਹੈ, ਉਸ ਦੇ ਲਈ ਮੈਂ ਜ਼ਿੰਮੇਵਾਰ ਹਾਂ।''
ਜ਼ਿਕਰਯੋਗ ਹੈ ਕਿ ਬਰਤਾਨੀਆ ਦੀ ਡੈਟਾ ਵਿਸਲੇਸ਼ਕ ਕੰਪਨੀ ਕੈਂਬ੍ਰਿਜ਼ ਏਨਾਲਿਟਿਕਾ ਦੁਆਰਾ ਫੇਸਬੁੱਕ ਦੇ ਡੈਟਾ ਦੀ ਦੁਰਵਰਤੋਂ ਦੇ ਵਿਵਾਦ ਨੂੰ ਲੈ ਕੇ ਫੇਸਬੁੱਕ ਨੂੰ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਕੰਪਨੀ 'ਤੇ ਭਾਰਤ ਵਿਚ ਚੋਣ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲੱਗਿਆ ਹੈ।
ਕੰਪਨੀ ਨੇ ਖ਼ੁਦ ਹੀ ਦਾਅਵਾ ਕੀਤਾ ਸੀ ਕਿ ਉਸ ਨੇ ਭਾਰਤ ਦੀਆਂ ਕਈ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੂੰ ਅਪਣੀਆਂ ਸੇਵਾਵਾਂ ਦਿਤੀਆਂ ਹਨ।