ਮੋਦੀ ਸਰਕਾਰ ਇੰਗਲੈਂਡ ਦੇ ਸਿੱਖਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੇ ਯਤਨ ਕਰੇ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੋਦੀ ਸਰਕਾਰ ਨੂੰ ਇੰਗਲੈਂਡ ਦੇ ਸਿੱਖਾਂ ਨਾਲ ਟਕਰਾਅ ਵਾਲੀ ਨੀਤੀ ਦੀ ਬਜਾਏ ਗੱਲਬਾਤ  ਰਾਹੀਂ ਸੁਖਾਵੇਂ ਸਬੰਧ ਕਾਇਮ ਕਰਨੇ  ਚਾਹੀਦੇ ਹਨ।

Sarna

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਗਲੈਂਡ ਦੌਰੇ ਦੌਰਾਨ ਉਥੋਂ ਦੇ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਗੱਲਬਾਤ ਵਿਚ ਅਖਉਤੀ ਸਿੱਖ ਖਾੜਕੂਆਂ ਦਾ ਮੁੱਦਾ ਵਿਸ਼ੇਸ਼ ਤੌਰ 'ਤੇ ਵਿਚਾਰੇ ਜਾਣ ਦੀ ਚਰਚਾਵਾਂ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਇੰਗਲੈਂਡ ਦੇ ਸਿੱਖਾਂ ਨਾਲ ਟਕਰਾਅ ਵਾਲੀ ਨੀਤੀ ਦੀ ਬਜਾਏ ਗੱਲਬਾਤ  ਰਾਹੀਂ ਸੁਖਾਵੇਂ ਸਬੰਧ ਕਾਇਮ ਕਰਨੇ  ਚਾਹੀਦੇ ਹਨ।ਸ. ਸਰਨਾ ਨੇ ਕਿਹਾ ਕਿ ਦੁਨੀਆ ਭਰ ਵਿਚ ਵਸਦੇ ਸਿੱਖਾਂ ਦੇ ਦਿਲਾਂ ਨੂੰ ਪਹਿਲਾਂ ਹੀ ਭਾਰੀ ਸੱਟ ਵੱਜੀ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਵਿਚ ਅਖਉਤੀ ਵਿਤਕਰਾ ਕੀਤਾ ਗਿਆ ਸੀ। ਉਨ੍ਹ੍ਹਾਂ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਇਕ ਦੂਰ ਅੰਦੇਸ਼ ਸਿਆਸਤਦਾਨ ਵਾਂਗ ਯੂਕੇ ਦੇ ਸਿੱਖਾਂ ਨਾਲ  ਵਿਸ਼ੇਸ਼ ਰਾਬਤਾ ਕਾਇਮ ਕਰ ਕੇ, ਤਲਖ਼ ਸਬੰਧਾਂ ਨੂੰ ਸੁਖਾਂਵੇਂ ਬਣਾਉਣ ਦਾ  ਯਤਨ  ਕਰ ਕੇ ਪੁਰਾਣੇ ਜ਼ਖ਼ਮ ਭਰਨ ਦੇ ਉਪਰਾਲੇ ਕਰਨ।”

ਉਨ੍ਹਾਂ ਕਿਹਾ ਕਿ ਜੇ ਭਾਰਤੀ  ਪ੍ਰਧਾਨ ਮੰਤਰੀ ਇੰਗਲੈਂਡ ਵਿਚ ਜਾ ਕੇ, ਉਥੋਂ ਦੇ ਸਤਿਕਾਰਤ ਸਿੱਖ ਵਸਨੀਕਾਂ  ਨੂੰ  'ਅਖਉਤੀ ਅਤਿਵਾਦੀ' ਜਾਂ 'ਕੱਟੜਵਾਦੀ'  ਗਰਦਾਨਣਗੇ ਤਾਂ ਇਸ ਤਰ੍ਹਾਂ ਵਿਦੇਸ਼ੀ ਸਿੱਖਾਂ ਦੀ ਭਾਰਤ ਨਾਲ ਦੂਰੀ ਹੋਰ ਵੱਧੇਗੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮੀਡੀਆ ਰੀਪੋਰਟਾਂ ਵਿਚ ਇੰਗਲੈਂਡ ਦੇ ਸਿੱਖਾਂ ਬਾਰੇ ਜੋ ਕੂੜ ਪ੍ਰਚਾਰ ਹੋ ਰਿਹਾ ਹੈ, ਉਸ ਨਫ਼ਰਤ ਭਰੇ  ਪ੍ਰਚਾਰ ਨਾਲ ਵਿਦੇਸ਼ੀ ਸਿੱਖ ਭਾਰਤ ਤੋਂ ਦੂਰ ਹੋ ਜਾਣਗੇ,  ਜਿਸ ਨਾਲ ਪੰਜਾਬ ਨੂੰ ਆਰਥਕ ਤੌਰ 'ਤੇ ਵੱਡਾ ਘਾਟਾ ਪਵੇਗਾ।