ਟਰੰਪ ਦੇ ਕਰੀਬੀ ਵਕੀਲ ਦੇ ਦਫ਼ਤਰ 'ਤੇ ਐਫਬੀਆਈ ਦਾ ਛਾਪਾ, ਤਿਲਮਿਲਾਏ ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਫ਼ੀ ਲੰਬੇ ਸਮੇਂ ਤਕ ਵਕੀਲ ਰਹੇ ਮਾਈਕਲ ਕੋਹੇਨ ਦੇ ਦਫ਼ਤਰ 'ਤੇ ਐਫਬੀਆਈ ਨੇ ਛਾਪੇਮਾਰੀ ਕੀਤੀ।
ਨਿਊਯਾਰਕ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਫ਼ੀ ਲੰਬੇ ਸਮੇਂ ਤਕ ਵਕੀਲ ਰਹੇ ਮਾਈਕਲ ਕੋਹੇਨ ਦੇ ਦਫ਼ਤਰ 'ਤੇ ਐਫਬੀਆਈ ਨੇ ਛਾਪੇਮਾਰੀ ਕੀਤੀ। ਐਫਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਟਰੰਪ ਤਿਲਮਿਲਾ ਗਏ ਹਨ। ਉਨ੍ਹਾਂ ਨੇ ਐਫਬੀਆਈ ਦੀ ਇਸ ਕਾਰਵਾਈ ਨੂੰ ਦੇਸ਼ 'ਤੇ ਹਮਲਾ ਕਰਾਰ ਦਿਤਾ ਹੈ।
ਦਸਣਯੋਗ ਹੈ ਕਿ ਮਾਈਕਲ ਨੇ ਅਸ਼ਲੀਲ ਫਿ਼ਲਮਾਂ ਦੀ ਅਦਾਕਾਰਾ ਨੂੰ 130000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ, ਜਿਸ ਨੇ ਸਾਬਕਾ ਰੀਅਲ ਸਟੇਟ ਦਾ ਕਾਰੋਬਾਰ ਕਰਨ ਵਾਲੇ ਦਿੱਗਜ਼ ਨੇਤਾ ਨਾਲ ਸਬੰਧਾਂ ਦੀ ਗੱਲ ਮੰਨੀ ਸੀ। ਇਸੇ ਕਾਰਨ ਐਫਬੀਆਈ ਨੇ ਇਹ ਕਾਰਵਾਈ ਕੀਤੀ ਹੈ।
ਇਸ ਛਾਪੇ ਦੇ ਕੁੱਝ ਘੰਟਿਆਂ ਦੇ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਹ ਛਾਪਾ ਬੜੀ ਸ਼ਰਮਨਾਕ ਘਟਨਾ ਹੈ, ਸਿੱਧੇ ਤੌਰ 'ਤੇ ਇਹ ਦੇਸ਼ 'ਤੇ ਹਮਲਾ ਹੈ। ਟਰੰਪ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਵਿਸ਼ੇਸ਼ ਜਾਂਚ ਕਰ ਰਹੇ ਵਕੀਲ ਰਾਬਰਟ ਮੁਲਰ ਰੂਸ ਦੇ ਇਸ਼ਾਰੇ 'ਤੇ ਇਹ ਸਭ ਕੁੱਝ ਕਰ ਰਹੇ ਹਨ।
ਦੂਜੇ ਪਾਸੇ ਦਸਿਆ ਇਹ ਜਾ ਰਿਹਾ ਹੈ ਕਿ ਟਰੰਪ ਦੇ ਨਿੱਜੀ ਵਕੀਲ ਰਹੇ ਮਾਈਕਲ ਕੋਹੇਨ ਨੇ ਅਦਾਕਾਰਾ ਨੂੰ ਇਹ ਪੈਸੇ ਇਸ ਕਰ ਕੇ ਦਿਤੇ ਸਨ ਕਿ ਉਹ ਟਰੰਪ ਨਾਲ ਅਪਣੇ ਸਬੰਧਾਂ ਨੂੰ ਲੈ ਕੇ ਮੂੰਹ ਬੰਦ ਰੱਖੇ। ਕੋਹੇਨ ਟਰੰਪ ਦੇ ਨਿੱਜੀ ਵਕੀਲ ਹਨ ਅਤੇ ਸਾਲਾਂ ਤੋਂ ਉਨ੍ਹਾਂ ਦੇ ਵਿਸ਼ਵਾਸਪਾਤਰ ਰਹੇ ਹਨ। ਉਹ ਰੀਅਲ ਸਟੇਟ ਮਾਮਲਿਆਂ ਵਿਚ ਵੀ ਟਰੰਪ ਨੂੰ ਸਲਾਹ ਦਿੰਦੇ ਰਹੇ ਹਨ।