ਮਹਾਰਾਜਾ ਦਲੀਪ ਸਿੰਘ 'ਤੇ ਬਣੀ ਫ਼ਿਲਮ 'ਦ ਬਲੈਕ ਪ੍ਰਿੰਸ' ਦੀ ਡਿਜੀਟਲ ਰਿਲੀਜ਼ ਅੱਜ
ਹਾਲੀਵੁੱਡ ਦੀ ਉੱਘੀ ਕੰਪਨੀ ਯੂਨੀਗਲੋਬ ਐਂਟਰਟੇਨਮੈਂਟ ਨੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉਤੇ ਬਣੀ ਹਾਲੀਵੁੱਡ ਦੀ ਫ਼ਿਲਮ...
ਲਾਸਏਂਜਲਸ : ਹਾਲੀਵੁੱਡ ਦੀ ਉਘੀ ਕੰਪਨੀ ਯੂਨੀਗਲੋਬ ਐਂਟਰਟੇਨਮੈਂਟ ਨੇ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਉਤੇ ਬਣੀ ਹਾਲੀਵੁੱਡ ਦੀ ਫ਼ਿਲਮ 'ਦ ਬਲੈਕ ਪ੍ਰਿੰਸ' ਦੀ ਵਿਸ਼ਵ ਪੱਧਰ ਉਤੇ ਆਨਲਾਈਨ ਡਿਸਟ੍ਰੀਬਿਊਸ਼ਨ ਦਾ ਸਾਰਾ ਕੰਮ ਅਪਣੇ ਜ਼ਿੰਮੇ ਲੈ ਲਿਆ ਹੈ। ਯੂਨੀਗਲੋਬ ਐਂਟਰਟੇਨਮੈਂਟ ਇਸ ਖੇਤਰ ਵਿਚ ਮੋਹਰੀ ਸਥਾਨ ਰਖਦੀ ਹੈ ਅਤੇ ਇਸ ਵਲੋਂ 'ਦ ਬਲੈਕ ਪ੍ਰਿੰਸ' ਦੇ ਪ੍ਰੋਡਿਊਸਰਾਂ ਨਾਲ ਕੀਤੇ ਲਿਖਤੀ ਸਮਝੌਤੇ ਅਧੀਨ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਿਸਾਖੀ ਦੇ ਜਸ਼ਨਾਂ ਦੇ ਮੱਦੇਨਜ਼ਰ ਫ਼ਿਲਮ ਦੇ ਡਿਜੀਟਲ ਅਤੇ ਡੀਵੀਡੀ ਦੇ ਰੂਪ ਵਿਚ 10 ਅਪਰੈਲ 2018 ਯਾਨੀ ਅੱਜ ਵੱਡੇ ਪੱਧਰ ਉਤੇ ਰੀਲੀਜ਼ ਕੀਤੇ ਜਾਣਗੇ।
ਪਿਛਲੇ ਸਾਲ ਜੁਲਾਈ ਮਹੀਨੇ ਦੌਰਾਨ ਰੀਲੀਜ਼ ਕੀਤੇ ਜਾਣ ਤੋਂ ਬਾਅਦ 'ਦ ਬਲੈਕ ਪ੍ਰਿੰਸ' ਨੂੰ ਸੱਭ ਪਾਸਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ। ਜਿਥੇ ਦਰਸ਼ਕਾਂ ਨੇ ਇਸ ਨੂੰ ਵੇਖਣ ਲਈ ਸਿਨਮਾ ਘਰਾਂ ਵਲ ਵਹੀਰਾਂ ਘੱਤੀਆਂ ਉਥੇ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਉਘੇ ਅਖ਼ਬਾਰਾਂ ਅਤੇ ਟੀਵੀ ਚੈੱਨਲਾਂ ਦੇ ਫ਼ਿਲਮ ਸਮੀਖਿਅਕਾਂ ਨੇ ਚੋਟੀ ਦੀਆਂ ਫ਼ਿਲਮਾਂ ਨਾਲ ਤੁਲਨਾ ਦਿੰਦਿਆਂ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਬਣਾਈ ਇਸ ਖ਼ੂਬਸੂਰਤ ਕਲਾਕ੍ਰਿਤ ਦੀ ਬੇਹੱਦ ਸ਼ਲਾਘਾ ਕੀਤੀ। ਯੂਰਪ ਵਿਚ ਇਸ ਨੇ ਬਾਕਸ ਆਫ਼ਸ ਉਤੇ 10 ਚੋਟੀ ਦੀਆਂ ਫ਼ਿਲਮਾਂ ਵਿਚ ਅਪਣਾ ਸਥਾਨ ਬਣਾਇਆ ਸੀ।
ਐਂਗਲੋ ਸਿੱਖ ਇਤਿਹਾਸ 'ਤੇ ਬਣੀ ਫ਼ਿਲਮ 'ਦ ਬਲੈਕ ਪ੍ਰਿੰਸ' ਇਤਿਹਾਸ ਦੇ ਪੰਨਿਆਂ ਨੂੰ ਫ਼ਿਲਮ 'ਤੇ ਉਜਾਗਰ ਕਰਨ ਦਾ ਇਕ ਇਮਾਨਦਾਰ ਯਤਨ ਹੈ। ਫ਼ਿਲਮ ਸਿੱਖਾਂ ਨੂੰ ਅਪਣੇ ਵਿਰਸੇ ਦੀ ਨਜ਼ਰਸਾਨੀ ਕਰਨ ਲਈ ਮਜਬੂਰ ਕਰਦੀ ਹੈ। 'ਦਿ ਬਲੈਕ ਪ੍ਰਿੰਸ' ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ਼ ਦੇ 1947 ਵਿਚ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਵਿਚ ਪਾਏ ਯੋਗਦਾਨ ਦੇ ਲੁਕਵੇਂ ਅਧਿਆਏ ਬਾਰੇ ਪਤਾ ਚਲਦਾ ਹੈ। ਸਿੱਖਾਂ ਦੇ ਆਖ਼ਰੀ ਮਹਾਰਾਜਾ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਨੂੰ ਬਰਤਾਨਵੀ ਸ਼ਾਸ਼ਕਾਂ ਨੇ ਬਚਪਨ ਉਮਰੇ ਅਪਣੀ ਅਨਐਲਾਨੀ ਹਿਰਾਸਤ ਵਿਚ ਰਖ ਕੇ ਉਸ ਕੋਲੋਂ ਸੱਭ ਕੁਝ ਖੋਹ ਲਿਆ ਸੀ ਜਿਸ ਵਿਰੁਧ ਉਸ ਨੂੰ ਆਖ਼ਰੀ ਉਮਰੇ ਅੱਤਗਰੀ ਬਹਾਲਤ ਵਿਚ ਅਪਣੇ ਆਖ਼ਰੀ ਸਾਹ ਲੈਣ ਤੇ ਬਾਗ਼ੀ ਹੋਣ ਲਈ ਮਜ਼ਬੂਰ ਹੋਣਾ ਪਿਆ। ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ 5 ਵਰ੍ਹਿਆਂ ਦੀ ਉਮਰ ਵਿਚ ਸਿੰਘਾਸਨ 'ਤੇ ਬਿਠਾਇਆ ਗਿਆ ਤਾਂ ਜੋ ਉਨ੍ਹਾਂ ਦੇ ਭਰੋਸੇਮੰਦ ਦਰਬਾਰੀਆਂ ਹੱਥੋਂ ਖ਼ੂਨੀ ਰਾਜ ਧ੍ਰੋਹ ਰਾਹੀਂ ਸਿੰਘਾਸਨ ਲੁਟਿਆ ਜਾ ਸਕੇ। 15 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਅਪਣੀ ਮਾਂ ਮਹਾਰਾਣੀ ਜਿੰਦਾ ਕੋਲੋਂ ਖੋਹ ਕੇ ਇੰਗਲੈਂਡ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੁਲਾਕਾਤ ਮਹਾਰਾਣੀ ਵਿਕਟੋਰੀਆ ਨਾਲ ਕਰਵਾਈ ਗਈ, ਜਿਸ ਨੇ ਪਹਿਲੇ ਨਜ਼ਰੇ ਤਕਦਿਆਂ ਹੀ ਉਨ੍ਹਾਂ ਨੂੰ 'ਦਿ ਬਲੈਕ ਪ੍ਰਿੰਸ' ਕਹਿ ਕੇ ਸਦਿਆ ਸੀ।
ਪੰਜਾਬ ਦੀ ਅਮੀਰ ਰਿਆਸਤ ਦੇ ਆਖ਼ਰੀ ਵੰਸ਼ਜ਼ ਮਹਾਰਾਜਾ ਦਲੀਪ ਸਿੰਘ ਦੀ ਅਣਕਹੀ ਦਾਸਤਾਨ ਨੂੰ ਫ਼ਿਲਮ 'ਦਿ ਬਲੈਕ ਪ੍ਰਿੰਸ' ਨੇ ਬਾਖ਼ੂਬੀ ਪਰਦੇ 'ਤੇ ਉਤਾਰਿਆ ਹੈ। ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਪਿਛੇ ਮਹਾਰਾਜਾ ਦਲੀਪ ਸਿੰਘ ਪ੍ਰੇਰਣਾ ਸ਼ਕਤੀ ਸਨ ਕਿਉਂਕਿ ਉਸ ਵੇਲੇ ਬਰਤਾਨਵੀ ਹਾਕਮ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਖ਼ੌਫ਼ਜ਼ਦਾ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਅਪਣੀ ਜਨਮ ਭੂਮੀ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਬਰਤਾਨੀਆ ਦੇ ਮਾਹੌਲ ਵਿਚ ਹੀ ਪਲਣ ਦਿਤਾ।ਇਸ ਯਾਦਗਾਰੀ ਫ਼ਿਲਮ 'ਚ ਉਘੇ ਕਲਾਕਾਰਾਂ ਨੇ ਅਪਣੀ ਅਦਾਕਾਰੀ ਰਾਹੀਂ ਗਲੋਬਲ ਫ਼ਿਲਮ ਫ਼ੈਸਟੀਵਲਾਂ ਵਿਚ ਆਲੋਚਕਾਂ ਦੀ ਵਾਹ-ਵਾਹ ਖੱਟੀ ਅਤੇ ਪਹਿਲੀ ਵਾਰ ਫ਼ਿਲਮ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਵੀ ਬੇਹੱਦ ਸਲਾਹਿਆ ਗਿਆ। ਉਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ਉਤੇ ਨਿਭਾਅ ਕੇ ਵਾਹ-ਵਾਹ ਖੱਟੀ ਸੀ।
ਮਹਾਰਾਜਾ ਦੇ ਅੰਗਰੇਜ਼ ਮਾਪਿਆਂ ਵਜੋਂ ਉਘੇ ਬ੍ਰਿਟਿਸ਼ ਅਦਾਕਾਰ ਜੋਸਨ ਫ਼ਲੇਮਿੰਗ ਵਜੋਂਡਾਲੋਗਿਨ ਦੇ ਕਿਰਦਾਰ ਨੂੰ ਪਰਦੇ ਉਤੇ ਪੇਸ਼ ਕਰਨਾ ਫ਼ਿਲਮ ਦੀ ਮਹੱਤਤਾ ਦਾ ਸਬੂਤ ਸੀ। ਯੂਨੀਗਲੋਬ ਐਂਟਰਟੇਨਮੈਂਟ ਦਾ ਫ਼ਿਲਮਾਂ ਬਣਾਉਣ, ਡਿਸਟ੍ਰੀਬਿਊਸ਼ਨ ਅਤੇ ਮਾਰਕੀਟਿੰਗ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਅਤੇ ਉਘਾ ਨਾਂਅ ਹੈ। ਇਸ ਨੇ ਸਮਾਜਿਕ ਸਰੋਕਾਰਾਂ ਵਾਲੇ ਕੰਮਾਂ ਨੂੰ ਵੀ ਹਮੇਸ਼ਾ ਤਰਜੀਹ ਦਿਤੀ ਹੈ।
'ਦਿ ਬਲੈਕ ਪ੍ਰਿੰਸ' ਦੀ ਪ੍ਰੋਡਕਸ਼ਨ ਟੀਮ ਨਾਲ ਹੋਏ ਸਹਿਯੋਗ ਬਾਰੇ ਯੂਨੀਗਲੋਬ ਐਂਟਰਟੇਨਮੈਂਟ ਦੇ ਪ੍ਰਧਾਨ ਨਮਰਤਾ ਸਿੰਘ ਗੁਜਰਾਲ ਦਾ ਕਹਿਣਾ ਹੈ, 'ਵਿਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਅਦ ਖ਼ਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਕ ਦਿਹਾੜਾ ਹੈ। ਮੈਂ ਜਦੋਂ ਇਹ ਫ਼ਿਲਮ ਵੇਖੀ ਤਾਂ ਮੇਰਾ ਰੋਣਾ ਨਹੀਂ ਸੀ ਰੁਕ ਰਿਹਾ। ਸਿੱਖ ਹੋਣ ਦੇ ਨਾਤੇ ਮੈਨੂੰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਸੰਘਰਸ਼ ਨੂੰ ਬੜੇ ਮਾਰਮਿਕ ਢੰਗ ਨਾਲ ਪੇਸ਼ ਕਰਦੀ ਇਹ ਫ਼ਿਲਮ ਵਿਸ਼ਵ ਭਰ ਵਿਚ ਸਿੱਖਾਂ ਤੇ ਹੋਰਨਾਂ ਭਾਈਚਾਰਿਆਂ ਤਕ ਪੁੱਜਦੀ ਕਰਨ ਦਾ ਮੌਕਾ ਮਿਲਣ ਉਤੇ ਬੜਾ ਮਾਣ ਮਹਿਸੂਸ ਹੋਇਆ।