ਸਪੈਸ਼ਲ ਉਡਾਣਾਂ ਰਾਹੀਂ ਆਸਟਰੇਲੀਆਈ ਨਾਗਰਿਕਾਂ ਦੀ ਹੋਵੇਗੀ ਵਤਨ ਵਾਪਸੀ
ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੋਣ ਕਰ ਕੇ ਭਾਰਤ ਨੇ ਮਾਰਚ ਮਹੀਨੇ
ਪਰਥ (ਪਿਆਰਾ ਸਿੰਘ ਨਾਭਾ) : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੋਣ ਕਰ ਕੇ ਭਾਰਤ ਨੇ ਮਾਰਚ ਮਹੀਨੇ ਤੋਂ ਹੀ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਰੋਕ ਲਗਾ ਦਿਤੀ ਸੀ। ਅਜਿਹੇ ਵਿਚ ਕਈ ਵਿਦੇਸ਼ੀ ਨਾਗਰਿਕ ਭਾਰਤ ਵਿਚ ਫਸ ਗਏ ਸਨ, ਜਿਹਨਾਂ ਵਿਚ ਆਸਟਰੇਲੀਆਈ ਵੀ ਸ਼ਾਮਲ ਹਨ।
ਭਾਰਤ ਆਸਟਰੇਲੀਆ ਰਣਨੀਤਿਕ ਗਠਜੋੜ (ਆਈ.ਏ.ਐਸ.ਏ.) ਦੇ ਚੇਅਰਮੈਨ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਆਸਟਰੇਲੀਆਈ ਨਾਗਰਿਕਾਂ ਦੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ ਦਿਨਾਂ ਵਿਚ ਸਪੈਸ਼ਲ ਫਲਾਈਟਾਂ ਰਾਹੀਂ ਆਸਟਰੇਲੀਆ ਵਾਪਸੀ ਕਰਵਾਈ ਜਾਵੇਗੀ।
ਇਸ ਦੌਰਾਨ ਡਾਕਟਰ ਵਿਰਕ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਅਸੀਂ ਬਹੁਤ ਮੁਸ਼ਕਲ ਦੌਰ ਤੋਂ ਲੰਘ ਰਹੇ ਸੀ ਪਰ ਸਾਰਿਆਂ ਦੀ ਮਿਹਨਤ ਸਦਕਾ ਚਾਰਟਡ ਫਲਾਈਟਾਂ ਮੁੜ ਸ਼ੁਰੂ ਹੋਈਆਂ। ਇਸ ਸਬੰਧੀ ਭਾਰਤ ਸਰਕਾਰ ਵਲੋਂ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਆਸਟਰੇਲੀਆਈ ਨਾਗਰਿਕਾਂ ਨੂੰ ਈਮੇਲ ਰਾਹੀਂ ਇਸ ਦੀ ਜਾਣਕਾਰੀ ਦਿਤੀ ਜਾ ਰਹੀ ਹੈ।
ਇਸ ਦੌਰਾਨ ਪਹਿਲੀ ਚਾਰਟਡ ਲਾਇਨ ਏਅਰ ਦੀ ਫਲਾਈਟ ਭਾਰਤ ਤੋਂ ਸ਼ੁਕਰਵਾਰ ਨੂੰ ਉਡਾਣ ਭਰ ਕੇ ਸਨਿਚਰਵਾਰ ਨੂੰ ਮੈਲਬੌਰਨ ਪਹੁੰਚੇਗੀ। ਇਸ ਤੋਂ ਇਲਾਵਾ ਭਾਰਤ ਵਿਚੋਂ ਆਸਟਰੇਲੀਆਈ ਨਾਗਰਿਕਾਂ ਨੂੰ ਕੱਢਣ ਲਈ ਹੋਰ ਉਡਾਣਾਂ ਦਾ ਵੀ ਪ੍ਰਬੰਧੀ ਕੀਤਾ ਜਾ ਰਿਹਾ ਹੈ। ਭਾਰਤ ਵਿਚ ਫਸੇ ਹਜ਼ਾਰਾਂ ਲੋਕਾਂ ਨੂੰ ਇਸ ਸਬੰਧੀ ਈਮੇਲਾਂ ਭੇਜੀਆਂ ਜਾ ਰਹੀਆਂ ਹਨ।