ਪਾਕਿਸਤਾਨ: ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕੀਤਾ ਕਤਲ
ਹਮਲੇ ਵਿੱਚ ਇੱਕ ਪੁਲਿਸ ਇੰਸਪੈਕਟਰ ਸਮੇਤ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ
ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕੁਝ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨੇ ਪੁਲਿਸ ਦੀ ਗਸ਼ਤੀ ਗੱਡੀ 'ਤੇ ਗੋਲੀਬਾਰੀ ਕੀਤੀ ਜਿਸ ਵਿੱਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।
ਇਹ ਘਟਨਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਸਰਿਆਬ ਇਲਾਕੇ ਵਿੱਚ ਵਾਪਰੀ। ਇਸ ਹਮਲੇ ਵਿੱਚ ਇੱਕ ਪੁਲਿਸ ਇੰਸਪੈਕਟਰ ਸਮੇਤ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਸ਼ਤ ਕਰ ਰਹੇ ਪੁਲਿਸ ਕਰਮਚਾਰੀ ਇੱਕ ਚਾਹ ਦੀ ਦੁਕਾਨ ਦੇ ਨੇੜੇ ਆਪਣੀ ਵੈਨ ਵਿੱਚ ਬੈਠੇ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਖੇਤਰੀ ਪੁਲਿਸ ਅਧਿਕਾਰੀ ਖੁਦਾ ਬਖ਼ਸ਼ ਨੇ ਕਿਹਾ, “ਦੋ ਮੋਟਰਸਾਈਕਲਾਂ 'ਤੇ ਸਵਾਰ ਕੁਝ ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਇੱਕ ਦਿਨ ਪਹਿਲਾਂ, ਨੋਸ਼ਕੀ ਖੇਤਰ ਵਿੱਚ ਇੱਕ ਬੰਦੂਕਧਾਰੀ ਹਮਲੇ ਵਿੱਚ ਫੌਜ ਦਾ ਇੱਕ ਫਰੰਟੀਅਰ ਕੋਰ ਸਿਪਾਹੀ ਮਾਰਿਆ ਗਿਆ ਸੀ। ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਕਰਮਚਾਰੀਆਂ 'ਤੇ ਗੁਰੀਲਾ ਸ਼ੈਲੀ ਦੇ ਹਮਲੇ ਆਮ ਹੋ ਗਏ ਹਨ। ਪਾਕਿਸਤਾਨ ਦੇ ਬਲੋਚ ਬਾਗ਼ੀ ਸਮੂਹ ਇਸ ਤੇਲ ਅਤੇ ਖਣਿਜਾਂ ਨਾਲ ਭਰਪੂਰ ਸੂਬੇ ਵਿੱਚ ਅਕਸਰ ਸੁਰੱਖਿਆ ਕਰਮਚਾਰੀਆਂ, ਸਰਕਾਰੀ ਪ੍ਰੋਜੈਕਟਾਂ ਅਤੇ 60 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਪ੍ਰੋਜੈਕਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲੇ ਕਰਦੇ ਹਨ।