ਕੋਰੋਨਾ ਨੂੰ ਲੈ ਕੇ ਡੋਨਾਲਡ ਟਰੰਪ 'ਤੇ ਭੜਕੇ ਓਬਾਮਾ, ਕਿਹਾ-ਅਮਰੀਕਾ ਦੀ ਕਾਰਵਾਈ ਕਮਜ਼ੋਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Photo

ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਮਹਾਂਮਾਰੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ। ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਗੜਦੀ ਸਥਿਤੀ ਲਈ ਡੋਨਾਲਡ ਟਰੰਪ ਨੂੰ ਲੰਮੇ ਹੱਥੀਂ ਲਿਆ ਹੈ।

ਉਹਨਾਂ ਨੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਲਈ ਦੇਸ਼ ਦੇ ਤਰੀਕੇ ਨੂੰ ਲੈ ਕੇ ਟਰੰਪ ਦੀ ਅਲੋਚਨਾ ਕੀਤੀ ਹੈ। ਰਿਪੋਰਟ ਮੁਤਾਬਕ ਬਰਾਕ ਓਬਾਮਾ ਦੀ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਫੋਨ ਕਾਲ ਰਿਕਾਰਡਿੰਗ ਲੀਕ ਹੋ ਗਈ ਹੈ। ਓਬਾਮਾ ਇਕ ਵੈੱਬ ਕਾਲ ਵਿਚ ਆਪਣੇ ਪ੍ਰਸ਼ਾਸਨ ਦੇ ਕੁਝ ਸਾਬਕਾ ਸਹਿਯੋਗੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਇਸ ਬੈਠਕ ਵਿਚ ਓਬਾਮਾ ਨੇ ਲੋਕਾਂ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਡੈਮੋਕਰੇਟਸ ਦੇ ਸੰਭਾਵਤ ਉਮੀਦਵਾਰ ਜੋਈ ਬਿਡੇਨ ਨਾਲ ਜੁੜਨ ਦੀ ਅਪੀਲ ਕੀਤੀ ਹੈ। ਦਰਅਸਲ ਓਬਾਮਾ ਨੇ ਓਬਾਮਾ ਅਲੂਮਨੀ ਐਸੋਸੀਏਸ਼ਨ ਨਾਲ ਸਬੰਧਤ ਲਗਭਗ 300 ਲੋਕਾਂ ਨਾਲ ਗੱਲਬਾਤ ਕੀਤੀ ਹੈ।

ਇਹਨਾਂ ਸਾਰੇ ਲੋਕਾਂ ਨੇ ਓਬਾਮਾ ਦੇ ਕਾਰਜਕਾਲ ਦੌਰਾਨ ਕੰਮ ਕੀਤਾ ਸੀ। ਇਸ ਦੌਰਾਨ ਓਬਾਮਾ ਨੇ ਲੋਕਾਂ ਨਾਲ ਮੌਜੂਦਾ ਸਥਿਤੀ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਾਰੇ ਵੀ ਗੱਲ ਕੀਤੀ।

ਰਿਪੋਰਟ ਅਨੁਸਾਰ ਇਸ ਕਾਲ ਜ਼ਰੀਏ, ਉਹਨਾਂ ਨੇ ਆਪਣੇ ਸਾਬਕਾ ਸਾਥੀਆਂ ਨੂੰ ਕਿਹਾ ਕਿ ਆਉਣ ਵਾਲੀਆਂ ਚੋਣਾਂ ਹਰ ਪੱਧਰ 'ਤੇ ਬਹੁਤ ਮਹੱਤਵਪੂਰਣ ਹੋਣ ਜਾ ਰਹੀਆਂ ਹਨ ਕਿਉਂਕਿ ਅਸੀਂ ਸਿਰਫ ਇਕ ਵਿਅਕਤੀ ਜਾਂ ਰਾਜਨੀਤਿਕ ਪਾਰਟੀ ਵਿਰੁੱਧ ਨਹੀਂ ਲੜ ਰਹੇ ਹਾਂ।

ਅਸੀਂ ਲੰਬੇ ਸਮੇਂ ਤੱਕ ਚੱਲਣ ਵਾਲੇ ਸਵਾਰਥੀ ਹੋਣ, ਦੂਜਿਆਂ ਨੂੰ ਦੁਸ਼ਮਣ ਦੀ ਤਰ੍ਹਾਂ ਦੇਖਣ, ਆਪਸ ਵਿਚ ਵੰਡ ਹੋਣ ਅਤੇ ਅਰਾਜਕ ਹੋਣ ਦੇ ਟਰੈਂਡ ਖਿਲਾਫ ਲੜ ਰਹੇ ਹਾਂ। ਰਿਪੋਪਟ ਮੁਤਾਬਕ ਓਬਾਮਾ ਦਾ ਇਹ ਵੈੱਬ ਕਾਲ ਯਾਹੂ ਨਿਊਜ਼ ਦੇ ਹਵਾਲੇ ਤੋਂ ਪ੍ਰਪਾਤ ਹੋਇਆ ਹੈ।