ਫ਼ਰਾਂਸ ਸਰਕਾਰ ਵਲੋਂ ਪਹਿਲਕਦਮੀ ਸਕੂਲਾਂ 'ਚ ਮੋਬਾਈਲਾਂ 'ਤੇ ਪਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ਰਾਂਸ ਸਰਕਾਰ ਨੇ ਪੜ੍ਹਾਈ ਦੇ ਖੇਤਰ 'ਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਵੀਂ ਪਹਿਲਕਦਮੀ ਕੀਤੀ ਹੈ.....

Mobile Phones

ਪੈਰਿਸ,   ਫ਼ਰਾਂਸ ਸਰਕਾਰ ਨੇ ਪੜ੍ਹਾਈ ਦੇ ਖੇਤਰ 'ਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਵੀਂ ਪਹਿਲਕਦਮੀ ਕੀਤੀ ਹੈ। ਫ਼ਰਾਂਸ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ ਜਿਸ ਨੇ ਸਕੂਲਾਂ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਫ਼ੋਨਾਂ 'ਤੇ ਪਾਬੰਦੀ ਲਗਾ ਦਿਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਵਿਦਿਆਰਥੀ ਪੜ੍ਹਾਈ 'ਚ ਪਿੱਛੇ ਨਾ ਰਹਿ ਜਾਣ।

ਦੇਸ਼ ਦੀ ਕਾਨੂੰਨ ਨਿਰਮਾਣ ਕਮੇਟੀ ਨੇ ਇਸ ਪ੍ਰਸਤਾਵ ਨੂੰ ਪਾਸ ਕਰ ਦਿਤਾ ਹੈ। ਅਗਸਤ-ਸਤੰਬਰ 'ਚ ਸ਼ੁਰੂ ਹੋਣ ਵਾਲੀਆਂ ਨਵੀਂਆਂ ਜਮਾਤਾਂ ਲਈ ਫ਼ਰਾਂਸ ਦੇ ਸਾਰੇ ਸਕੂਲਾਂ 'ਚ ਨਵਾਂ ਕਾਨੂੰਨ ਲਾਗੂ ਹੋ ਜਾਵੇਗਾ। ਹਾਲਾਂਕਿ ਵਿਰੋਧੀ ਪਾਰਟੀ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਪਾਬੰਦੀ ਲਾਗੂ ਕਰਨਾ ਸੰਭਵ ਨਹੀਂ ਹੈ। ਫ਼ਰਾਂਸ 'ਚ ਲਗਭਗ 51 ਹਜ਼ਾਰ ਪ੍ਰਾਇਮਰੀ ਅਤੇ 7 ਹਜ਼ਾਰ ਮਿਡਲ ਸਕੂਲ ਹਨ। ਇਨ੍ਹਾਂ 'ਚੋਂ ਲਗਭਗ 29 ਹਜ਼ਾਰ ਸਕੂਲਾਂ ਨੇ ਪਹਿਲਾਂ ਹੀ ਅਪਣੇ-ਅਪਣੇ ਪੱਧਰ 'ਤੇ ਕੈਂਪਸ ਵਿਚ ਮੋਬਾਈਲ ਲੈ ਜਾਣ 'ਤੇ ਪਾਬੰਦੀ ਲਗਾਈ ਹੋਈ ਹੈ।

ਇਹ ਨਵਾਂ ਕਾਨੂੰਨ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ 'ਤੇ ਵੀ ਲਾਗੂ ਹੋਵੇਗਾ। ਫ਼ਰਾਂਸ ਦੀ ਇਕ ਰੀਪੋਰਟ ਮੁਤਾਬਕ 12 ਤੋਂ 17 ਸਾਲ ਦੇ 93 ਫ਼ੀ ਸਦੀ ਬੱਚੇ ਮੋਬਾਈਲ ਲੈ ਕੇ ਸਕੂਲ ਜਾਂਦੇ ਹਨ, ਜਦਕਿ 2005 'ਚ ਇਹ ਅੰਕੜਾ 72 ਫ਼ੀ ਸਦੀ ਸੀ। ਅਸਲ 'ਚ ਫ਼ਰਾਂਸ ਦੇ ਅਧਿਆਪਕਾਂ ਨੇ ਵੀ ਅਪੀਲ ਕੀਤੀ ਸੀ ਕਿ ਮੋਬਾਈਲਾਂ 'ਤੇ ਬੈਨ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਜਮਾਤਾਂ ਵਿਚ ਬੈਠ ਕੇ ਵੀ ਫ਼ੋਨਾਂ 'ਤੇ ਲੱਗੇ ਰਹਿੰਦੇ ਹਨ ਅਤੇ ਪੜ੍ਹਾਈ 'ਚ ਪਿੱਛੇ ਪੈ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫ਼ਰਾਂਸ ਦੀਆਂ ਆਮ ਚੋਣਾਂ 'ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵਾਅਦਾ ਕੀਤਾ ਸੀ ਕਿ ਉਹ ਸਕੂਲਾਂ 'ਚ ਮੋਬਾਈਲਾਂ 'ਤੇ ਪਾਬੰਦੀ ਲਗਾ ਦੇਣਗੇ। (ਪੀਟੀਆਈ)