ਥਾਈਲੈਂਡ ਨੇ 'ਭੰਗ' ਦੀ ਖੇਤੀ ਨੂੰ ਦਿਤੀ ਕਾਨੂੰਨੀ ਮਾਨਤਾ, ਪੂਰੇ ਦੇਸ਼ 'ਚ ਭੇਜੇ ਜਾਣਗੇ 'ਭੰਗ' ਦੇ 10 ਲੱਖ ਬੀਜ
ਪਾਬੰਦੀਸ਼ੁਦਾ ਡਰੱਗ ਸੂਚੀ 'ਚੋਂ ਨਾਮ ਹਟਾਉਣ ਵਾਲਾ ਬਣਿਆ ਏਸ਼ੀਆ ਦਾ ਪਹਿਲਾ ਦੇਸ਼
ਥਾਈਲੈਂਡ ਨੂੰ 'ਵੀਡ ਵੰਡਰਲੈਂਡ' ਵਜੋਂ ਵਿਕਸਿਤ ਕਰਨ ਦਾ ਹੈ ਟੀਚਾ
ਬੈਂਕਾਕ : ਥਾਈਲੈਂਡ ਨੇ 'ਭੰਗ' ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇ ਦਿਤੀ ਹੈ ਅਤੇ ਅਜਿਹਾ ਕਰਨ ਵਾਲਾ ਉਹ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਉਥੋਂ ਦੇ ਲੋਕ ਹੁਣ ਨਾ ਸਿਰਫ ਭੰਗ ਪੀ ਸਕਣਗੇ ਸਗੋਂ ਇਸ ਨੂੰ ਸਬਜ਼ੀ ਦੇ ਰੂਪ 'ਚ ਵੀ ਉਗਾਉਣਗੇ।
ਥਾਈਲੈਂਡ ਦੀ ਸਰਕਾਰ ਨੇ ਭੰਗ ਨੂੰ ਪਾਬੰਦੀਸ਼ੁਦਾ ਡਰੱਗ ਸੂਚੀ ਵਿੱਚੋਂ ਹਟਾ ਦਿੱਤਾ ਹੈ। ਇਸ ਫੈਲਸੇ ਬਾਰੇ ਬੋਲਦਿਆਂ ਥਾਈਲੈਂਡ ਦੇ ਸਿਹਤ ਮੰਤਰੀ ਅਨੁਤਿਨ ਚਾਰਨਵੀਰਕੂਲ ਨੇ ਕਿਹਾ ਕਿ 'ਭੰਗ' ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣਾ ਥਾਈਲੈਂਡ ਨੂੰ 'ਵੀਡ ਵੰਡਰਲੈਂਡ' ਵਜੋਂ ਵਿਕਸਤ ਕਰਨਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਐਲਾਨ 'ਤੇ ਲੋਕਾਂ ਨੇ ਜਸ਼ਨ ਮਨਾਇਆ।
ਦੱਸ ਦੇਈਏ ਕਿ ਸਥਾਨਕ ਸਰਕਾਰ ਦੀ ਦੇਸ਼ ਭਰ ਵਿੱਚ ਭੰਗ ਦੇ 10 ਲੱਖ ਬੀਜ ਭੇਜਣ ਦੀ ਯੋਜਨਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹ ਥਾਈਲੈਂਡ ਨੂੰ ‘ਵੀਡ ਵੰਡਰਲੈਂਡ’ ਵਜੋਂ ਵਿਕਸਤ ਕਰਨਾ ਚਾਹੁੰਦੇ ਹਨ। ਹੁਣ ਨਵੇਂ ਨਿਯਮ ਦੇ ਤਹਿਤ ਥਾਈਲੈਂਡ ਦੇ ਲੋਕਾਂ ਨੂੰ ਮੈਡੀਕਲ ਆਧਾਰ 'ਤੇ ਭੰਗ ਪੈਦਾ ਕਰਨ, ਖਾਣ ਅਤੇ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ।
ਹਾਲਾਂਕਿ, ਸ਼ੌਂਕ ਦੇ ਤੌਰ 'ਤੇ ਕੈਨਾਬਿਸ ਦੀ ਖਪਤ ਅਜੇ ਵੀ ਤਕਨੀਕੀ ਤੌਰ 'ਤੇ ਪਾਬੰਦੀਸ਼ੁਦਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਵੇਚੇ ਜਾਣ ਵਾਲੇ ਭੰਗ ਦੇ THC ਪੱਧਰ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਦਾ ਮਕਸਦ ਸ਼ਰਾਬ ਪੀਣ ਵਾਲਿਆਂ ਨੂੰ ਨਸ਼ਾ ਕਰਨ ਤੋਂ ਰੋਕਣਾ ਹੈ ਅਤੇ ਇਸ ਦੀ ਵਰਤੋਂ ਸਿਰਫ ਦਰਦ ਤੋਂ ਰਾਹਤ ਲਈ ਹੀ ਕੀਤੀ ਗਈ ਹੈ।
ਸਰਕਾਰ ਵਲੋਂ ਲਏ ਇਸ ਫੈਸਲੇ ਦਾ ਜ਼ਿਆਦਾਤਰ ਲੋਕਾਂ ਨੇ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ 'ਭੰਗ' ਦੇ ਉਤਪਾਦ ਨੂੰ ਅਪਰਾਧ ਨਹੀਂ ਬਣਾਇਆ ਜਾਵੇਗਾ। ਥਾਈਲੈਂਡ ਦੀ ਸਰਕਾਰ ਨੂੰ ਉਮੀਦ ਹੈ ਕਿ ਉਹ ਭੰਗ ਦੀ ਫਸਲ ਤੋਂ ਕਾਫੀ ਕਮਾਈ ਕਰੇਗੀ ਅਤੇ ਅਰਥਵਿਵਸਥਾ ਕੋਰੋਨਾ ਕਾਰਨ ਆਈ ਮੰਦੀ ਤੋਂ ਬਾਹਰ ਨਿਕਲ ਸਕੇਗੀ।