ਅਮਰੀਕਾ ਵਿਚ ਬਜ਼ੁਰਗ ਸਿੱਖ ਉਤੇ ਭਿਆਨਕ ਹਮਲਾ, ਹਾਲਤ ਗੰਭੀਰ, ਮੁਲਜ਼ਮ ਫ਼ਰਾਰ
ਬੇਹੋਸ਼ੀ ਦੀ ਹਾਲਤ ਵਿਚ ਹਰਪਾਲ ਸਿੰਘ, ਤਿੰਨ ਸਰਜਰੀ ਹੋਈਆਂ
ਲਾਸ ਏਂਜਲਸ : ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਏਂਜਲਸ ਦੇ ਉੱਤਰੀ ਹਾਲੀਵੁੱਡ ’ਚ ਹਰਪਾਲ ਸਿੰਘ ਨਾਂ ਦੇ 70 ਸਾਲ ਦੇ ਇਕ ਸਿੱਖ ਵਿਅਕਤੀ ਉਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਪਿਛਲੇ ਸੋਮਵਾਰ ਦੁਪਹਿਰ 3 ਕੁ ਵਜੇ ਹਮਲਾਵਰ ਸਾਈਕਲ ਉਤੇ ਆਇਆ ਅਤੇ ਗੋਲਫ ਕਲੱਬ ਨਾਲ ਹਰਪਾਲ ਸਿੰਘ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਕੇ ਭੱਜ ਗਿਆ।
ਹਰਪਾਲ ਸਿੰਘ ਉਦੋਂ ਤੋਂ ਬੇਹੋਸ਼ੀ ਦੀ ਹਾਲਤ ਵਿਚ ਹੈ ਅਤੇ ਉਨ੍ਹਾਂ ਦੀਆਂ ਘੱਟੋ-ਘੱਟ ਤਿੰਨ ਸਰਜਰੀ ਹੋਈਆਂ ਹਨ। ਹਰਪਾਲ ਸਿੰਘ ਇਕ ਸਥਾਨਕ ਗੁਰਦੁਆਰੇ ਵਿਚ ਰਹਿੰਦਾ ਸੀ ਅਤੇ ਇਸ ਹਮਲੇ ਨੇ ਧਾਰਮਕ ਭਾਈਚਾਰੇ ਨੂੰ ਡੂੰਘਾ ਹਲੂਣ ਕੇ ਰੱਖ ਦਿਤਾ ਹੈ। ਪੁਲਿਸ ਜਾਂਚ ਕਰ ਰਹੀ ਹੈ ਪਰ ਅਜੇ ਤਕ ਕਿਸੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਗਈ ਹੈ ਜਾਂ ਸੀ.ਸੀ.ਟੀ.ਵੀ. ਫੁਟੇਜ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰਵਾਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉੱਤਰੀ ਹਾਲੀਵੁੱਡ ਡਿਵੀਜ਼ਨ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਧਾਰਮਕ ਤੌਰ ਉਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਤਹਿਤ ਸਿੱਖ ਤੀਜਾ ਸੱਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਸਮੂਹ ਬਣਿਆ ਹੋਇਆ ਹੈ। ਐਫ.ਬੀ.ਆਈ. ਨੇ 5 ਅਗੱਸਤ ਨੂੰ 2024 ਲਈ ਨਫ਼ਰਤੀ ਅਪਰਾਧ ਦੇ ਅੰਕੜਿਆਂ ਦੀ ਅਪਣੀ ਸਾਲਾਨਾ ਰੀਪੋਰਟ ਜਾਰੀ ਕੀਤੀ, ਜਿਸ ਵਿਚ ਘਟਨਾਵਾਂ ਦੀ ਗਿਣਤੀ ਵਿਚ ਲਗਭਗ 2٪ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਿੱਖਾਂ ਵਿਰੁਧ ਧਾਰਮਕ ਤੌਰ ਉਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ 142 ਮਾਮਲੇ ਸਾਹਮਣੇ ਆਏ ਹਨ, ਜੋ 2023 ’ਚ 150 (5.3 ਫੀ ਸਦੀ ਦੀ ਗਿਰਾਵਟ) ਅਤੇ 2022 ’ਚ 198 ਸਨ। ਇਸ ਸਾਲ 25 ਹਿੰਦੂ ਵਿਰੋਧੀ ਅਪਰਾਧ ਵੀ ਦਰਜ ਕੀਤੇ ਗਏ। ਪਿਛਲੇ ਸਾਲ ਦੇ 32 ਤੋਂ ਘੱਟ।